18“ ‘ਬਦਲਾ ਨਾ ਲਵੀਂ ਅਤੇ ਨਾ ਹੀ ਆਪਣੇ ਲੋਕਾਂ ਵਿੱਚੋਂ ਕਿਸੇ ਨਾਲ ਵੈਰ ਰੱਖ, ਸਗੋਂ ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰ। ਮੈਂ ਯਾਹਵੇਹ ਹਾਂ।
19“ ‘ਮੇਰੇ ਹੁਕਮਾਂ ਦੀ ਪਾਲਣਾ ਕਰੋ। “ ‘ਤੂੰ ਆਪਣੇ ਪਸ਼ੂਆਂ ਨੂੰ ਕਿਸੇ ਵੱਖਰੀ ਪ੍ਰਜਾਤੀ ਦੇ ਪਸ਼ੂਆਂ ਨਾਲ ਨਾ ਮਿਲਾਵੀਂ। “ ‘ਆਪਣੇ ਖੇਤ ਵਿੱਚ ਦੋ ਕਿਸਮਾਂ ਦੇ ਬੀਜਾਂ ਨੂੰ ਨਾ ਬੀਜੀਂ। “ ‘ਦੋ ਕਿਸਮ ਦੀ ਸਮੱਗਰੀ ਨਾਲ ਬੁਣੇ ਹੋਏ ਕੱਪੜੇ ਨਾ ਪਾਵੀਂ।
20“ ‘ਜੇਕਰ ਕੋਈ ਆਦਮੀ ਉਸ ਔਰਤ ਨਾਲ ਸੌਂਦਾ ਹੈ ਜੋ ਗੁਲਾਮ ਹੈ ਜਾਂ ਉਸਦੀ ਕਿਸੇ ਹੋਰ ਆਦਮੀ ਨਾਲ ਮੰਗਣੀ ਕੀਤੀ ਗਈ ਹੋਵੇ ਪਰ ਜਿਸ ਨੂੰ ਰਿਹਾਈ ਨਹੀਂ ਦਿੱਤੀ ਗਈ ਸੀ ਜਾਂ ਉਸਨੂੰ ਅਜ਼ਾਦੀ ਨਹੀਂ ਦਿੱਤੀ ਗਈ ਸੀ, ਤਾਂ ਉਸ ਨੂੰ ਉਚਿਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
21ਉਹ ਆਦਮੀ ਯਾਹਵੇਹ ਅੱਗੇ ਦੋਸ਼ ਦੀ ਭੇਟ ਵਜੋਂ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਇੱਕ ਭੇਡੂ ਲਿਆਵੇ।
22ਪਾਪ ਦੀ ਭੇਟ ਦੇ ਭੇਡੂ ਦੇ ਨਾਲ ਜਾਜਕ ਨੂੰ ਉਸ ਦੇ ਪਾਪ ਲਈ ਯਾਹਵੇਹ ਦੇ ਅੱਗੇ ਪ੍ਰਾਸਚਿਤ ਕਰੇ, ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।