9ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
10“ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜਦੋਂ ਤੁਸੀਂ ਉਸ ਦੇਸ਼ ਵਿੱਚ ਦਾਖਲ ਹੋਵੋ ਜੋ ਮੈਂ ਤੁਹਾਨੂੰ ਦੇਣ ਜਾ ਰਿਹਾ ਹਾਂ ਅਤੇ ਜਦ ਤੁਸੀਂ ਉਸਦੀ ਫਸਲ ਵੱਢੋਗੇ, ਤਾਂ ਜਾਜਕ ਕੋਲ ਪਹਿਲੇ ਅਨਾਜ ਦਾ ਇੱਕ ਪੂਲਾ ਲਿਆਓ।
11ਉਹ ਯਾਹਵੇਹ ਦੇ ਅੱਗੇ ਉਸ ਪੂਲੇ ਨੂੰ ਹਿਲਾਵੇ ਤਾਂ ਇਹ ਤੁਹਾਡੀ ਤਰਫ਼ੋਂ ਸਵੀਕਾਰ ਕੀਤਾ ਜਾਵੇਗਾ, ਜਾਜਕ ਸਬਤ ਦੇ ਅਗਲੇ ਦਿਨ ਇਸਨੂੰ ਹਿਲਾਵੇ।
12ਜਿਸ ਦਿਨ ਤੁਸੀਂ ਪੂਲੇ ਨੂੰ ਹਿਲਾਓਗੇ, ਤੁਸੀਂ ਹੋਮ ਦੀ ਭੇਟ ਵਜੋਂ ਇੱਕ ਸਾਲ ਦਾ ਇੱਕ ਨੁਕਸ ਰਹਿਤ ਲੇਲਾ ਯਾਹਵੇਹ ਨੂੰ ਚੜ੍ਹਾਉਣਾ,
13ਜ਼ੈਤੂਨ ਦਾ ਤੇਲ ਮਿਲੇ ਹੋਏ ਵੱਧੀਆ ਆਟੇ ਦੇ ਦੋ-ਦੱਸਵੇਂ ਹਿੱਸੇ ਦੀ ਅਨਾਜ ਦੀ ਭੇਟ ਦੇ ਨਾਲ, ਉਹ ਯਾਹਵੇਹ ਦੇ ਅੱਗੇ ਸੁਗੰਧਤਾ ਕਰਕੇ ਇੱਕ ਅੱਗ ਦੀ ਭੇਟ ਹੋਵੇ ਅਤੇ ਉਸ ਦੇ ਨਾਲ ਪੀਣ ਦੀ ਭੇਟ ਲਈ ਕੁੱਪੇ ਦੀ ਚੁਥਾਈ ਦਾਖ਼ਰਸ ਹੋਵੇ।