23ਮੋਸ਼ੇਹ ਨੇ ਭੇਡੂ ਨੂੰ ਵੱਢਿਆ ਅਤੇ ਉਸਦਾ ਕੁਝ ਲਹੂ ਲੈ ਕੇ ਹਾਰੋਨ ਦੇ ਸੱਜੇ ਕੰਨ ਦੇ ਸਿਰੇ ਉੱਤੇ ਉਸਦੇ ਸੱਜੇ ਹੱਥ ਅਤੇ ਸੱਜੇ ਪੈਰ ਦੇ ਅੰਗੂਠਿਆਂ ਉੱਤੇ ਲਗਾਇਆ।
24ਮੋਸ਼ੇਹ ਨੇ ਹਾਰੋਨ ਦੇ ਪੁੱਤਰਾਂ ਨੂੰ ਵੀ ਅੱਗੇ ਲਿਆਂਦਾ ਅਤੇ ਕੁਝ ਲਹੂ ਵਿੱਚੋਂ ਉਹਨਾਂ ਦੇ ਸੱਜੇ ਕੰਨਾਂ ਦੇ ਸਿਰੇ ਉੱਤੇ, ਉਹਨਾਂ ਦੇ ਸੱਜੇ ਹੱਥਾਂ ਦੇ ਅੰਗੂਠਿਆਂ ਅਤੇ ਉਹਨਾਂ ਦੇ ਸੱਜੇ ਪੈਰਾਂ ਦੀਆਂ ਵੱਡੀਆਂ ਉਂਗਲੀਆਂ ਉੱਤੇ ਲਗਾਇਆ। ਫਿਰ ਉਸਨੇ ਜਗਵੇਦੀ ਦੇ ਪਾਸਿਆਂ ਉੱਤੇ ਲਹੂ ਛਿੜਕਿਆ।
25ਉਸ ਤੋਂ ਬਾਅਦ ਮੋਸ਼ੇਹ ਨੇ ਭੇਡੂ ਦੀ ਚਰਬੀ, ਚਰਬੀ ਵਾਲੀ ਪੂਛ, ਆਂਦਰਾਂ ਉੱਤੇ ਚਰਬੀ, ਜਿਗਰ ਨੂੰ ਢੱਕਣ ਵਾਲੀ ਝਿੱਲੀ, ਦੋਵੇਂ ਗੁਰਦੇ ਅਤੇ ਉਨ੍ਹਾਂ ਦੀ ਚਰਬੀ ਅਤੇ ਸੱਜਾ ਪੱਟ ਲਿਆ।
26ਉਸਨੇ ਯਾਹਵੇਹ ਦੇ ਅੱਗੇ ਰੱਖੀ ਹੋਈ ਬੇਖਮੀਰੀ ਰੋਟੀ ਦੀ ਟੋਕਰੀ ਵਿੱਚੋਂ ਇੱਕ ਪਤੀਰੀ ਰੋਟੀ ਲਈ। ਜ਼ੈਤੂਨ ਦੇ ਤੇਲ ਨਾਲ ਚੋਪੜੀ ਹੋਈ ਮੈਦੇ ਦੀ ਇੱਕ ਰੋਟੀ ਅਤੇ ਇੱਕ ਮੁੱਠੀ ਲੈ ਕੇ ਉਨ੍ਹਾਂ ਨੂੰ ਚਰਬੀ ਉੱਤੇ ਅਤੇ ਸੱਜੇ ਪੱਟ ਉੱਤੇ ਰੱਖਿਆ।
27ਉਸਨੇ ਇਹ ਸਭ ਹਾਰੋਨ ਅਤੇ ਉਸਦੇ ਪੁੱਤਰਾਂ ਦੇ ਹੱਥਾਂ ਵਿੱਚ ਰੱਖ ਦਿੱਤਾ ਅਤੇ ਉਹਨਾਂ ਨੇ ਇਨ੍ਹਾਂ ਨੂੰ ਹਿਲਾਉਣ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਹਿਲਾਇਆ।