1ਅੰਤ ਦੇ ਦਿਨਾਂ ਵਿੱਚ ਅਜਿਹਾ ਹੋਵੇਗਾ ਯਾਹਵੇਹ ਦੇ ਭਵਨ ਦਾ ਪਰਬਤ ਸਾਰਿਆਂ ਪਹਾੜਾਂ ਵਿੱਚੋਂ ਸਭ ਤੋਂ ਉੱਚਾ ਹੋਵੇਗਾ; ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ, ਅਤੇ ਸਾਰੀਆਂ ਜਾਤਾਂ ਦੇ ਲੋਕ ਵਗਦੀ ਨਦੀ ਵਾਂਗ ਇਸ ਵੱਲ ਆਉਣਗੇ।
2ਬਹੁਤ ਸਾਰੀਆਂ ਕੌਮਾਂ ਆਉਣਗੀਆਂ ਅਤੇ ਆਖਣਗੀਆਂ, “ਆਓ, ਅਸੀਂ ਯਾਹਵੇਹ ਦੇ ਪਰਬਤ ਉੱਤੇ ਚੜ੍ਹੀਏ, ਅਤੇ ਯਾਹਵੇਹ ਯਾਕੋਬ ਦੇ ਪਰਮੇਸ਼ਵਰ ਦੇ ਭਵਨ ਵੱਲ ਜਾਈਏ। ਤਾਂ ਜੋ ਉਹ ਸਾਨੂੰ ਆਪਣੇ ਰਾਹ ਸਿਖਾਵੇ, ਅਤੇ ਅਸੀਂ ਉਸ ਦੇ ਰਾਹਾਂ ਵਿੱਚ ਚੱਲੀਏ,” ਕਿਉਂ ਜੋ ਬਿਵਸਥਾ ਸੀਯੋਨ ਤੋਂ, ਅਤੇ ਯਾਹਵੇਹ ਦਾ ਬਚਨ ਯੇਰੂਸ਼ਲੇਮ ਤੋਂ ਨਿੱਕਲੇਗਾ।
3ਉਹ ਬਹੁਤ ਸਾਰੇ ਲੋਕਾਂ ਵਿੱਚ ਨਿਆਂ ਕਰੇਗਾ, ਅਤੇ ਦੂਰ-ਦੂਰ ਦੀਆਂ ਤਕੜੀਆਂ ਕੌਮਾਂ ਦੇ ਝਗੜਿਆਂ ਦਾ ਨਿਪਟਾਰਾ ਕਰੇਗਾ। ਉਹ ਆਪਣੀਆਂ ਤਲਵਾਰਾਂ ਨੂੰ ਕੁੱਟ-ਕੁੱਟ ਕੇ ਫਾਲੇ ਬਣਾਉਣਗੇ ਅਤੇ ਆਪਣੇ ਬਰਛਿਆਂ ਨੂੰ ਕੁੰਡੀਆਂ ਬਣਾ ਲੈਣਗੇ। ਕੌਮ-ਕੌਮ ਦੇ ਵਿਰੁੱਧ ਤਲਵਾਰ ਨਹੀਂ ਚੁੱਕੇਗੀ, ਨਾ ਉਹ ਹੁਣ ਯੁੱਧ ਲਈ ਤਿਆਰੀ ਕਰਨਗੇ।
4ਹਰ ਕੋਈ ਆਪਣੀ ਅੰਗੂਰੀ ਦੀ ਵੇਲ ਅਤੇ ਆਪਣੇ ਹੰਜੀਰ ਦੇ ਬਿਰਛ ਹੇਠ ਬੈਠੇਗਾ, ਅਤੇ ਕੋਈ ਵੀ ਉਨ੍ਹਾਂ ਨੂੰ ਨਹੀਂ ਡਰਾਵੇਗਾ, ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਨੇ ਬੋਲਿਆ ਹੈ।
5ਸਾਰੀਆਂ ਉੱਮਤਾਂ ਆਪੋ-ਆਪਣੇ ਦੇਵਤਿਆਂ ਦੇ ਨਾਮ ਲੈ ਕੇ ਚੱਲਦੀਆਂ ਹਨ, ਪਰ ਅਸੀਂ ਆਪਣੇ ਪਰਮੇਸ਼ਵਰ ਯਾਹਵੇਹ ਦਾ ਨਾਮ ਲੈ ਕੇ ਸਦੀਪਕਾਲ ਤੱਕ ਚੱਲਾਂਗੇ।