2“ਪਰ ਤੂੰ, ਇਫ਼ਰਾਥ ਦੇ ਦੇਸ਼ ਬੈਤਲਹਮ, ਭਾਵੇਂ ਤੂੰ ਯਹੂਦਾਹ ਦੇ ਘਰਾਣੇ ਵਿੱਚੋਂ ਸਭ ਤੋਂ ਛੋਟਾ ਹੈ, ਤੇਰੇ ਵਿੱਚੋਂ ਹੀ ਮੇਰੇ ਲਈ ਇੱਕ ਨਿੱਕਲੇਗਾ ਜੋ ਇਸਰਾਏਲ ਦਾ ਹਾਕਮ ਹੋਵੇਗਾ, ਜਿਸ ਦਾ ਮੁੱਢ ਪੁਰਾਣੇ ਸਮੇਂ, ਅਤੇ ਮੂਲ ਪ੍ਰਾਚੀਨ ਕਾਲ ਤੋਂ ਹੈ।”
3ਇਸ ਲਈ ਇਸਰਾਏਲ ਨੂੰ ਉਸ ਸਮੇਂ ਤੱਕ ਤਿਆਗ ਦਿੱਤਾ ਜਾਵੇਗਾ, ਜਦ ਤੀਕ ਕਿ ਜਣੇਪੇ ਵਾਲੀ ਔਰਤ ਇੱਕ ਪੁੱਤਰ ਨੂੰ ਜਨਮ ਦਿੰਦੀ ਹੈ, ਅਤੇ ਜਦ ਤੀਕ ਉਸ ਦੇ ਬਾਕੀ ਭਰਾ ਇਸਰਾਏਲੀਆਂ ਨਾਲ ਰਲਣ ਲਈ ਵਾਪਸ ਆ ਜਾਂਦੇ ਹਨ।
4ਉਹ ਯਾਹਵੇਹ ਦੀ ਸ਼ਕਤੀ ਵਿੱਚ, ਯਾਹਵੇਹ ਆਪਣੇ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਵਿੱਚ ਉੱਠੇਗਾ, ਅਤੇ ਆਪਣੇ ਇੱਜੜ ਦੀ ਦੇਖਭਾਲ ਕਰੇਗਾ। ਅਤੇ ਉਹ ਸੁਰੱਖਿਅਤ ਰਹਿਣਗੇ, ਕਿਉਂਕਿ ਤਦ ਧਰਤੀ ਦੇ ਕੰਢੇ ਤੱਕ ਲੋਕ ਉਸਦੀ ਮਹਾਨਤਾ ਨੂੰ ਜਾਣ ਲੈਣਗੇ।
5ਅਤੇ ਉਹ ਸਾਡੀ ਸ਼ਾਂਤੀ ਹੋਵੇਗਾ ਜਦੋਂ ਅੱਸ਼ੂਰੀ ਸਾਡੀ ਧਰਤੀ ਉੱਤੇ ਹਮਲਾ ਕਰਦੇ ਹਨ, ਅਤੇ ਸਾਡੇ ਕਿਲ੍ਹਿਆਂ ਵਿੱਚੋਂ ਲੰਘਦੇ ਹਨ। ਅਸੀਂ ਉਨ੍ਹਾਂ ਦੇ ਵਿਰੁੱਧ ਸੱਤ ਚਰਵਾਹੇ, ਅਤੇ ਅੱਠ ਸੈਨਾਪਤੀ ਨੂੰ ਖੜ੍ਹਾ ਕਰਾਂਗੇ,
6ਜੋ ਅੱਸ਼ੂਰ ਦੇ ਦੇਸ਼ ਉੱਤੇ, ਅਤੇ ਨਿਮਰੋਦ ਦੀ ਧਰਤੀ ਉੱਤੇ ਤਲਵਾਰ ਨਾਲ ਰਾਜ ਕਰਨਗੇ। ਉਹ ਸਾਨੂੰ ਅੱਸ਼ੂਰੀਆਂ ਤੋਂ ਬਚਾਵੇਗਾ ਜਦੋਂ ਉਹ ਸਾਡੇ ਦੇਸ਼ ਉੱਤੇ ਹਮਲਾ ਕਰਨਗੇ ਅਤੇ ਸਾਡੀਆਂ ਸਰਹੱਦਾਂ ਨੂੰ ਪਾਰ ਕਰਨਗੇ।