4ਉਹ ਯਾਹਵੇਹ ਦੀ ਸ਼ਕਤੀ ਵਿੱਚ, ਯਾਹਵੇਹ ਆਪਣੇ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਵਿੱਚ ਉੱਠੇਗਾ, ਅਤੇ ਆਪਣੇ ਇੱਜੜ ਦੀ ਦੇਖਭਾਲ ਕਰੇਗਾ। ਅਤੇ ਉਹ ਸੁਰੱਖਿਅਤ ਰਹਿਣਗੇ, ਕਿਉਂਕਿ ਤਦ ਧਰਤੀ ਦੇ ਕੰਢੇ ਤੱਕ ਲੋਕ ਉਸਦੀ ਮਹਾਨਤਾ ਨੂੰ ਜਾਣ ਲੈਣਗੇ।
5ਅਤੇ ਉਹ ਸਾਡੀ ਸ਼ਾਂਤੀ ਹੋਵੇਗਾ ਜਦੋਂ ਅੱਸ਼ੂਰੀ ਸਾਡੀ ਧਰਤੀ ਉੱਤੇ ਹਮਲਾ ਕਰਦੇ ਹਨ, ਅਤੇ ਸਾਡੇ ਕਿਲ੍ਹਿਆਂ ਵਿੱਚੋਂ ਲੰਘਦੇ ਹਨ। ਅਸੀਂ ਉਨ੍ਹਾਂ ਦੇ ਵਿਰੁੱਧ ਸੱਤ ਚਰਵਾਹੇ, ਅਤੇ ਅੱਠ ਸੈਨਾਪਤੀ ਨੂੰ ਖੜ੍ਹਾ ਕਰਾਂਗੇ,
6ਜੋ ਅੱਸ਼ੂਰ ਦੇ ਦੇਸ਼ ਉੱਤੇ, ਅਤੇ ਨਿਮਰੋਦ ਦੀ ਧਰਤੀ ਉੱਤੇ ਤਲਵਾਰ ਨਾਲ ਰਾਜ ਕਰਨਗੇ। ਉਹ ਸਾਨੂੰ ਅੱਸ਼ੂਰੀਆਂ ਤੋਂ ਬਚਾਵੇਗਾ ਜਦੋਂ ਉਹ ਸਾਡੇ ਦੇਸ਼ ਉੱਤੇ ਹਮਲਾ ਕਰਨਗੇ ਅਤੇ ਸਾਡੀਆਂ ਸਰਹੱਦਾਂ ਨੂੰ ਪਾਰ ਕਰਨਗੇ।
7ਯਾਕੋਬ ਦਾ ਘਰਾਣਾ, ਬਹੁਤ ਸਾਰੇ ਲੋਕਾਂ ਵਿੱਚ ਹੋਵੇਗਾ ਉਹ ਯਾਹਵੇਹ ਦੁਆਰਾ ਭੇਜੀ ਗਈ ਤ੍ਰੇਲ ਵਰਗਾ, ਘਾਹ ਉੱਤੇ ਡਿੱਗਣ ਵਾਲੇ ਮੀਂਹ ਵਰਗਾ ਹੋਵੇਗਾ, ਜੋ ਕਿਸੇ ਦੀ ਉਡੀਕ ਨਹੀਂ ਕਰਦੇ। ਨਾ ਹੀ ਇਹ ਕਿਸੇ ਮਨੁੱਖ ਉੱਤੇ ਨਿਰਭਰ ਕਰਦਾ ਹੈ।
8ਯਾਕੋਬ ਦਾ ਘਰਾਣਾ, ਬਹੁਤ ਸਾਰੇ ਲੋਕਾਂ ਦੇ ਵਿਚਕਾਰ, ਜੰਗਲ ਦੇ ਜਾਨਵਰਾਂ ਵਿੱਚ ਇੱਕ ਸ਼ੇਰ ਵਰਗਾ, ਅਤੇ ਭੇਡਾਂ ਦੇ ਇੱਜੜਾਂ ਵਿੱਚ ਇੱਕ ਜਵਾਨ ਸ਼ੇਰ ਵਰਗਾ, ਜੋ ਜਾਂਦੇ-ਜਾਂਦੇ ਮਾਰਦਾ ਅਤੇ ਪਾੜ ਦਿੰਦਾ ਹੈ, ਅਤੇ ਉਸ ਤੋਂ ਕੋਈ ਵੀ ਨਹੀਂ ਬਚਾ ਸਕਦਾ।