1ਹੇ ਨੀਨਵਾਹ, ਇੱਕ ਹਮਲਾਵਰ ਤੇਰੇ ਵਿਰੁੱਧ ਆ ਰਿਹਾ ਹੈ। ਇਸ ਲਈ ਕਿਲ੍ਹਿਆਂ ਦੀ ਰਾਖੀ ਕਰੋ, ਰਾਹਾਂ ਦੀ ਰਾਖੀ ਕਰੋ, ਆਪਣੇ ਆਪ ਨੂੰ ਮਜ਼ਬੂਤ ਕਰੋ, ਆਪਣੀ ਸਾਰੀ ਫ਼ੌਜ ਇਕੱਠੀ ਕਰੋ!
2ਯਾਹਵੇਹ ਯਾਕੋਬ ਦੀ ਸ਼ਾਨ ਨੂੰ ਇਸਰਾਏਲ ਦੀ ਸ਼ਾਨ ਵਾਂਗ ਬਹਾਲ ਕਰੇਗਾ, ਭਾਵੇਂ ਨਾਸ਼ ਕਰਨ ਵਾਲਿਆਂ ਨੇ ਉਨ੍ਹਾਂ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਉਨ੍ਹਾਂ ਦੀਆਂ ਵੇਲਾਂ ਨੂੰ ਉਜਾੜ ਦਿੱਤਾ ਹੈ।
3ਸੂਰਬੀਰਾਂ ਦੀਆਂ ਢਾਲਾਂ ਲਾਲ ਹਨ; ਸਿਪਾਹੀਆਂ ਨੇ ਲਾਲ ਰੰਗ ਦੇ ਕੱਪੜੇ ਪਹਿਨੇ ਹੋਏ ਹਨ। ਰੱਥ ਦਾ ਲੋਹਾ ਅੱਗ ਵਾਂਗੂੰ ਚਮਕਦਾ ਹੈ ਅਤੇ ਉਹ ਦੀ ਤਿਆਰੀ ਦੇ ਦਿਨ ਵਿੱਚ ਸਰੂ ਦੇ ਬਰਛੇ ਝੁਲਾਏ ਜਾਂਦੇ ਹਨ,
4ਰਥ ਗਲੀਆਂ ਵਿੱਚ ਦੌੜਦੇ ਹਨ, ਚੌਕਾਂ ਵਿੱਚ ਸੋਰ ਕਰਦੇ ਹਨ। ਉਹ ਬਲਦੀਆਂ ਮਸ਼ਾਲਾਂ ਵਾਂਗ ਦਿਖਾਈ ਦਿੰਦੇ ਹਨ; ਉਹ ਬਿਜਲੀ ਵਾਂਗ ਚਮਕਦੇ ਹਨ।
5ਨੀਨਵਾਹ ਨੇ ਆਪਣੇ ਚੁਣੇ ਹੋਏ ਸੈਨਿਕਾਂ ਨੂੰ ਬੁਲਾਇਆ, ਉਹ ਆਪਣੇ ਰਾਹ ਵਿੱਚ ਠੋਕਰ ਖਾਂਦੇ ਹਨ। ਉਹ ਸ਼ਹਿਰ ਦੀ ਕੰਧ ਨਾਲ ਟਕਰਾਉਂਦੇ ਹਨ; ਅਤੇ ਲੱਕੜ ਦਾ ਸਹਾਰਾ ਖੜ੍ਹਾ ਕੀਤਾ ਜਾਂਦਾ ਹੈ।