3ਤਦ ਉਹਨਾਂ ਨੇ ਮੈਨੂੰ ਕਿਹਾ, “ਉਹ ਬਚੇ ਹੋਏ ਲੋਕ ਜਿਹੜੇ ਗ਼ੁਲਾਮੀ ਤੋਂ ਛੁੱਟ ਕੇ ਉਸ ਸੂਬੇ ਵਿੱਚ ਰਹਿੰਦੇ ਹਨ, ਉਹ ਬਹੁਤ ਦਰਦ ਵਿੱਚ ਹਨ ਅਤੇ ਉਹਨਾਂ ਦਾ ਨਿਰਾਦਰ ਹੁੰਦਾ ਹੈ, ਕਿਉਂਕਿ ਯੇਰੂਸ਼ਲੇਮ ਦੀਆਂ ਕੰਧਾਂ ਟੁੱਟੀਆਂ ਪਈਆਂ ਹਨ ਅਤੇ ਉਸ ਦੇ ਫਾਟਕ ਅੱਗ ਨਾਲ ਸੜੇ ਹੋਏ ਹਨ।”
4ਇਹ ਗੱਲਾਂ ਸੁਣ ਕੇ ਮੈਂ ਬੈਠ ਕੇ ਰੋਇਆ ਅਤੇ ਕੁਝ ਦਿਨਾਂ ਲਈ ਮੈਂ ਸੋਗ ਕੀਤਾ, ਵਰਤ ਰੱਖਿਆ ਅਤੇ ਸਵਰਗ ਦੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ।
5ਫਿਰ ਮੈਂ ਕਿਹਾ: “ਹੇ ਯਾਹਵੇਹ, ਸਵਰਗ ਦਾ ਪਰਮੇਸ਼ਵਰ, ਮਹਾਨ ਅਤੇ ਸ਼ਾਨਦਾਰ ਪਰਮੇਸ਼ਵਰ, ਜੋ ਆਪਣੇ ਪਿਆਰ ਦੇ ਨੇਮ ਨੂੰ ਉਹਨਾਂ ਨਾਲ ਰੱਖਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ,
6ਤੇਰੇ ਕੰਨ ਲੱਗੇ ਰਹਿਣ ਅਤੇ ਤੇਰੀਆਂ ਅੱਖਾਂ ਖੁੱਲ੍ਹੀਆਂ ਰਹਿਣ ਅਤੇ ਇਸ ਸਮੇਂ ਜੋ ਪ੍ਰਾਰਥਨਾ ਮੈਂ ਤੇਰਾ ਦਾਸ ਤੇਰੇ ਦਾਸਾਂ ਇਸਰਾਏਲੀਆਂ ਦੇ ਲਈ ਦਿਨ ਰਾਤ ਕਰਦਾ ਰਹਿੰਦਾ ਹਾਂ, ਉਸ ਨੂੰ ਤੂੰ ਸੁਣ ਲੈ। ਮੈਂ ਇਸਰਾਏਲੀਆਂ ਦੇ ਪਾਪਾਂ ਨੂੰ ਜਿਹੜੇ ਅਸੀਂ ਤੇਰੇ ਵਿਰੁੱਧ ਕੀਤੇ ਹਨ ਮੰਨ ਲੈਂਦਾ ਹਾਂ। ਹਾਂ, ਮੈਂ ਅਤੇ ਮੇਰੇ ਪੁਰਖਿਆਂ ਦੇ ਘਰਾਣੇ ਨੇ ਤੇਰੇ ਵਿਰੁੱਧ ਪਾਪ ਕੀਤਾ ਹੈ।
7ਅਸੀਂ ਤੁਹਾਡੇ ਨਾਲ ਬਹੁਤ ਬੁਰਾ ਵਿਵਹਾਰ ਕੀਤਾ ਹੈ, ਅਤੇ ਅਸੀਂ ਉਹਨਾਂ ਹੁਕਮਾਂ, ਫ਼ਰਮਾਨਾਂ ਅਤੇ ਕਾਨੂੰਨਾਂ ਦੀ ਪਾਲਣਾ ਨਹੀਂ ਕੀਤੀ ਜੋ ਤੂੰ ਆਪਣੇ ਸੇਵਕ ਮੋਸ਼ੇਹ ਨੂੰ ਦਿੱਤੇ ਸਨ।