ਨਹਮਯਾਹ 5

1ਹੁਣ ਆਦਮੀਆਂ ਅਤੇ ਉਹਨਾਂ ਦੀਆਂ ਪਤਨੀਆਂ ਨੇ ਆਪਣੇ ਭਰਾ ਯਹੂਦੀਆਂ ਦੇ ਵਿਰੁੱਧ ਬਹੁਤ ਰੌਲਾ ਪਾਇਆ।

2ਕੁਝ ਤਾਂ ਕਹਿੰਦੇ ਸਨ, “ਅਸੀਂ ਆਪਣੇ ਪੁੱਤਰ ਅਤੇ ਧੀਆਂ ਸਮੇਤ ਬਹੁਤ ਸਾਰੇ ਹਾਂ। ਸਾਨੂੰ ਅੰਨ ਦਿੱਤਾ ਜਾਵੇ, ਜੋ ਅਸੀਂ ਖਾ ਕੇ ਜੀਉਂਦੇ ਰਹੀਏ।”

3ਦੂਸਰੇ ਕਹਿ ਰਹੇ ਸਨ, “ਅਸੀਂ ਕਾਲ ਦੇ ਸਮੇਂ ਅਨਾਜ ਲੈਣ ਲਈ ਆਪਣੇ ਖੇਤ, ਆਪਣੇ ਅੰਗੂਰਾਂ ਦੇ ਬਾਗ ਅਤੇ ਆਪਣੇ ਘਰ ਗਿਰਵੀ ਰੱਖ ਦਿੱਤੇ ਹਨ।”

4ਕੁਝ ਕਹਿੰਦੇ ਸਨ, “ਅਸੀਂ ਆਪਣੇ ਖੇਤਾਂ ਅਤੇ ਆਪਣੇ ਅੰਗੂਰੀ ਬਾਗ਼ਾਂ ਨੂੰ ਗਿਰਵੀ ਰੱਖ ਕੇ ਰਾਜਾ ਦਾ ਲਗਾਨ ਚੁਕਾਉਣ ਲਈ ਚਾਂਦੀ ਉਧਾਰ ਲਈ ਹੈ।

5ਭਾਵੇਂ ਅਸੀਂ ਆਪਣੇ ਯਹੂਦੀ ਭਰਾਵਾਂ ਵਾਂਗ ਮਾਸ ਅਤੇ ਲਹੂ ਦੇ ਹਾਂ ਅਤੇ ਭਾਵੇਂ ਸਾਡੇ ਬੱਚੇ ਉਹਨਾਂ ਵਾਂਗ ਚੰਗੇ ਹਨ, ਫਿਰ ਵੀ ਸਾਨੂੰ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਗੁਲਾਮੀ ਦੇ ਅਧੀਨ ਕਰਨਾ ਪੈਂਦਾ ਹੈ। ਸਾਡੀਆਂ ਕੁਝ ਧੀਆਂ ਪਹਿਲਾਂ ਹੀ ਗੁਲਾਮ ਹੋ ਚੁੱਕੀਆਂ ਹਨ, ਪਰ ਅਸੀਂ ਸ਼ਕਤੀਹੀਣ ਹਾਂ, ਕਿਉਂਕਿ ਸਾਡੇ ਖੇਤ ਅਤੇ ਅੰਗੂਰੀ ਬਾਗ ਦੂਜਿਆਂ ਦੇ ਵੱਸ ਵਿੱਚ ਹਨ।”

6ਜਦੋਂ ਮੈਂ ਉਹਨਾਂ ਦਾ ਰੋਣਾ ਅਤੇ ਇਨ੍ਹਾਂ ਗੱਲਾਂ ਨੂੰ ਸੁਣਿਆ ਤਾਂ ਮੈਨੂੰ ਬਹੁਤ ਗੁੱਸਾ ਆਇਆ।

7ਅਤੇ ਮੈਂ ਆਪਣੇ ਮਨ ਵਿੱਚ ਵਿਚਾਰ ਕੀਤਾ ਅਤੇ ਸਾਮੰਤਾਂ ਅਤੇ ਹਾਕਮਾਂ ਨੂੰ ਝਿੜਕਿਆ ਅਤੇ ਉਹਨਾਂ ਨੂੰ ਕਿਹਾ, “ਤੁਹਾਡੇ ਵਿੱਚੋਂ ਹਰ ਇੱਕ ਮਨੁੱਖ ਆਪਣੇ ਭਰਾ ਤੋਂ ਬਿਆਜ ਲੈਂਦਾ ਹੈ।” ਤਦ ਮੈਂ ਉਹਨਾਂ ਦੇ ਵਿਰੁੱਧ ਇੱਕ ਵੱਡੀ ਸਭਾ ਇਕੱਠੀ ਕੀਤੀ

8ਅਤੇ ਉਨ੍ਹਾਂ ਨੂੰ ਕਿਹਾ, “ਜਿੱਥੋਂ ਤੱਕ ਹੋ ਸਕੇ, ਅਸੀਂ ਆਪਣੇ ਯਹੂਦੀ ਭਰਾਵਾਂ ਨੂੰ ਵਾਪਸ ਖਰੀਦ ਲਿਆ ਹੈ ਜੋ ਗ਼ੈਰ-ਯਹੂਦੀਆਂ ਨੂੰ ਵੇਚੇ ਗਏ ਸਨ। ਹੁਣ ਤੁਸੀਂ ਆਪਣੇ ਹੀ ਲੋਕਾਂ ਨੂੰ ਵੇਚ ਰਹੇ ਹੋ, ਸਿਰਫ ਇਸ ਲਈ ਕਿ ਉਹ ਸਾਨੂੰ ਵਾਪਸ ਵੇਚੇ ਜਾਣ!” ਉਹ ਚੁੱਪ ਰਹੇ, ਕਿਉਂਕਿ ਉਹਨਾਂ ਨੂੰ ਕਹਿਣ ਲਈ ਕੁਝ ਨਹੀਂ ਮਿਲਿਆ।

9ਫਿਰ ਮੈਂ ਕਿਹਾ, “ਤੁਸੀਂ ਜੋ ਕਰ ਰਹੇ ਹੋ ਉਹ ਸਹੀ ਨਹੀਂ ਹੈ। ਕੀ ਤੁਹਾਨੂੰ ਇਸ ਕਾਰਨ ਆਪਣੇ ਪਰਮੇਸ਼ਵਰ ਦੇ ਭੈਅ ਵਿੱਚ ਨਹੀਂ ਚੱਲਣਾ ਚਾਹੀਦਾ ਤਾਂ ਜੋ ਸਾਡੇ ਗੈਰ-ਕੌਮੀ ਦੁਸ਼ਮਣ ਸਾਡਾ ਨਿਰਾਦਰ ਨਾ ਕਰਨ?

10ਮੈਂ ਅਤੇ ਮੇਰੇ ਭਰਾ ਅਤੇ ਮੇਰੇ ਆਦਮੀ ਵੀ ਲੋਕਾਂ ਨੂੰ ਪੈਸੇ ਅਤੇ ਅਨਾਜ ਉਧਾਰ ਦੇ ਰਹੇ ਹਾਂ। ਪਰ ਆਓ ਵਿਆਜ ਲੈਣਾ ਬੰਦ ਕਰੀਏ!

11ਉਹਨਾਂ ਨੂੰ ਉਹਨਾਂ ਦੇ ਖੇਤ, ਅੰਗੂਰੀ ਬਾਗ, ਜ਼ੈਤੂਨ ਦੇ ਬਾਗ ਅਤੇ ਘਰ, ਅਤੇ ਜੋ ਵਿਆਜ ਤੁਸੀਂ ਉਹਨਾਂ ਤੋਂ ਵਸੂਲ ਰਹੇ ਹੋ, ਇੱਕ ਪ੍ਰਤੀਸ਼ਤ ਧਨ, ਅਨਾਜ, ਨਵੀਂ ਦਾਖ਼ਰਸ ਅਤੇ ਜ਼ੈਤੂਨ ਦੇ ਤੇਲ ਨੂੰ ਤੁਰੰਤ ਵਾਪਸ ਕਰ ਦਿਓ।”

12“ਅਸੀਂ ਇਸਨੂੰ ਵਾਪਸ ਦੇਵਾਂਗੇ।” ਤਦ ਉਹਨਾਂ ਨੇ ਕਿਹਾ, “ਅਸੀਂ ਉਹਨਾਂ ਤੋਂ ਹੋਰ ਕੁਝ ਨਹੀਂ ਮੰਗਾਂਗੇ। ਅਸੀਂ ਉਹੀ ਕਰਾਂਗੇ ਜਿਵੇਂ ਤੁਸੀਂ ਕਹੋਗੇ।” ਫਿਰ ਮੈਂ ਜਾਜਕਾਂ ਨੂੰ ਬੁਲਾਇਆ ਅਤੇ ਸਰਦਾਰਾਂ ਅਤੇ ਅਧਿਕਾਰੀਆਂ ਨੂੰ ਉਹਨਾਂ ਗੱਲਾਂ ਨੂੰ ਪੂਰਾ ਕਰਨ ਦੀ ਸਹੁੰ ਚੁਕਾਈ ਜਿਸਦਾ ਉਹਨਾਂ ਨੇ ਇਕਰਾਰ ਕੀਤਾ ਸੀ।

13ਫਿਰ ਮੈਂ ਆਪਣਾ ਪੱਲਾ ਝਾੜਿਆ ਅਤੇ ਕਿਹਾ, “ਹਰ ਮਨੁੱਖ ਜਿਹੜਾ ਇਸ ਵਾਇਦੇ ਅਨੁਸਾਰ ਨਾ ਕਰੇ, ਉਸ ਨੂੰ ਪਰਮੇਸ਼ਵਰ ਇਸੇ ਤਰ੍ਹਾਂ ਹੀ ਉਸ ਦੇ ਘਰ ਤੋਂ ਅਤੇ ਉਸ ਦੀ ਕਮਾਈ ਤੋਂ ਝਾੜ ਦੇਵੇ, ਉਹ ਇਸੇ ਤਰ੍ਹਾਂ ਹੀ ਝਾੜਿਆ ਜਾਵੇ ਅਤੇ ਸੱਖਣਾ ਕੀਤਾ ਜਾਵੇ!” ਤਦ ਸਾਰੀ ਸਭਾ ਨੇ ਕਿਹਾ, “ਆਮੀਨ!” ਅਤੇ ਯਾਹਵੇਹ ਦੀ ਉਸਤਤ ਕੀਤੀ। ਤਦ ਲੋਕਾਂ ਨੇ ਇਸ ਵਾਇਦੇ ਦੇ ਅਨੁਸਾਰ ਕੰਮ ਕੀਤਾ।

14ਇਸ ਤੋਂ ਇਲਾਵਾ, ਰਾਜਾ ਅਰਤਹਸ਼ਸ਼ਤਾ ਦੇ ਵੀਹਵੇਂ ਸਾਲ ਤੋਂ, ਜਦੋਂ ਮੈਨੂੰ ਯਹੂਦਾਹ ਦੇ ਦੇਸ਼ ਵਿੱਚ ਉਹਨਾਂ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ, ਉਸ ਦੇ ਬੱਤੀਵੇਂ ਸਾਲ, ਬਾਰਾਂ ਸਾਲਾਂ ਤੱਕ, ਨਾ ਤਾਂ ਮੈਂ ਅਤੇ ਨਾ ਹੀ ਮੇਰੇ ਭਰਾਵਾਂ ਨੇ ਰਾਜਪਾਲ ਨੂੰ ਦਿੱਤਾ ਹੋਇਆ ਭੋਜਨ ਖਾਧਾ।

15ਪਰ ਮੇਰੇ ਤੋਂ ਪਹਿਲਾਂ ਦੇ ਰਾਜਪਾਲਾਂ ਨੇ ਲੋਕਾਂ ਉੱਤੇ ਭਾਰੀ ਬੋਝ ਪਾਇਆ ਅਤੇ ਭੋਜਨ ਅਤੇ ਦਾਖਰਸ ਤੋਂ ਇਲਾਵਾ ਉਹਨਾਂ ਤੋਂ ਚਾਲੀ ਸ਼ਕੇਲ ਚਾਂਦੀ ਵੀ ਲੈਂਦੇ ਸਨ। ਸਗੋਂ ਉਹਨਾਂ ਦੇ ਜੁਆਨ ਵੀ ਲੋਕਾਂ ਉੱਤੇ ਹਕੂਮਤ ਕਰਦੇ ਸਨ, ਪਰ ਮੈਂ ਅਜਿਹਾ ਨਹੀਂ ਕੀਤਾ ਕਿਉਂ ਜੋ ਮੈਂ ਪਰਮੇਸ਼ਵਰ ਦਾ ਭੈਅ ਮੰਨਦਾ ਸੀ।

16ਇਸ ਦੀ ਬਜਾਏ, ਮੈਂ ਸ਼ਹਿਰ ਪਨਾਹ ਦੇ ਕੰਮ ਵਿੱਚ ਤਕੜਾਈ ਨਾਲ ਲੱਗਿਆ ਰਿਹਾ, ਅਤੇ ਅਸੀਂ ਕੋਈ ਖੇਤ ਮੁੱਲ ਨਾ ਲਿਆ ਅਤੇ ਮੇਰੇ ਸਾਰੇ ਜੁਆਨ ਕੰਮ ਕਰਨ ਲਈ ਉੱਥੇ ਇਕੱਠੇ ਰਹਿੰਦੇ ਸਨ।

17ਇਸ ਤੋਂ ਇਲਾਵਾ, ਇੱਕ ਸੌ ਪੰਜਾਹ ਯਹੂਦੀਆਂ ਅਤੇ ਅਧਿਕਾਰੀਆਂ ਨੇ ਮੇਰੇ ਮੇਜ਼ ਉੱਤੇ ਖਾਣਾ ਖਾਧਾ ਅਤੇ ਨਾਲ ਹੀ ਉਹਨਾਂ ਨੇ ਵੀ ਜੋ ਆਲੇ-ਦੁਆਲੇ ਦੀਆਂ ਕੌਮਾਂ ਤੋਂ ਸਾਡੇ ਕੋਲ ਆਏ ਸਨ।

18ਜਿਹੜਾ ਭੋਜਨ ਇੱਕ ਦਿਨ ਲਈ ਤਿਆਰ ਕੀਤਾ ਜਾਂਦਾ ਸੀ ਉਹ ਇਹ ਸੀ, ਇੱਕ ਬਲਦ, ਛੇ ਪਲੀਆਂ ਹੋਇਆਂ ਭੇਡਾਂ ਜਾਂ ਬੱਕਰੀਆਂ ਅਤੇ ਕੁਝ ਮੁਰਗੀਆਂ ਮੇਰੇ ਲਈ ਤਿਆਰ ਹੁੰਦੀਆਂ ਸਨ ਅਤੇ ਦਸ ਦਿਨਾਂ ਵਿੱਚ ਇੱਕ ਵਾਰੀ ਹਰ ਕਿਸਮ ਦੀ ਦਾਖ਼ਰਸ ਭਰਪੂਰ ਮਾਤਰਾ ਵਿੱਚ ਦਿੱਤੀ ਜਾਂਦੀ ਸੀ। ਇਨ੍ਹਾਂ ਸਾਰੀਆਂ ਗੱਲਾਂ ਦੇ ਹੁੰਦਿਆਂ ਵੀ ਮੈਂ ਹਾਕਮ ਦੇ ਹੱਕ ਦੀ ਰੋਟੀ ਨਾ ਮੰਗੀ ਕਿਉਂਕਿ ਲੋਕਾਂ ਉੱਤੇ ਇਸ ਕੰਮ ਦਾ ਵੱਡਾ ਭਾਰ ਸੀ।

19ਹੇ ਮੇਰੇ ਪਰਮੇਸ਼ਵਰ, ਉਸ ਸਾਰੀ ਭਲਿਆਈ ਲਈ ਜਿਹੜੀ ਮੈਂ ਇਨ੍ਹਾਂ ਲੋਕਾਂ ਨਾਲ ਕੀਤੀ ਹੈ, ਮੈਨੂੰ ਯਾਦ ਰੱਖੀਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.