12“ਅਸੀਂ ਇਸਨੂੰ ਵਾਪਸ ਦੇਵਾਂਗੇ।” ਤਦ ਉਹਨਾਂ ਨੇ ਕਿਹਾ, “ਅਸੀਂ ਉਹਨਾਂ ਤੋਂ ਹੋਰ ਕੁਝ ਨਹੀਂ ਮੰਗਾਂਗੇ। ਅਸੀਂ ਉਹੀ ਕਰਾਂਗੇ ਜਿਵੇਂ ਤੁਸੀਂ ਕਹੋਗੇ।” ਫਿਰ ਮੈਂ ਜਾਜਕਾਂ ਨੂੰ ਬੁਲਾਇਆ ਅਤੇ ਸਰਦਾਰਾਂ ਅਤੇ ਅਧਿਕਾਰੀਆਂ ਨੂੰ ਉਹਨਾਂ ਗੱਲਾਂ ਨੂੰ ਪੂਰਾ ਕਰਨ ਦੀ ਸਹੁੰ ਚੁਕਾਈ ਜਿਸਦਾ ਉਹਨਾਂ ਨੇ ਇਕਰਾਰ ਕੀਤਾ ਸੀ।
13ਫਿਰ ਮੈਂ ਆਪਣਾ ਪੱਲਾ ਝਾੜਿਆ ਅਤੇ ਕਿਹਾ, “ਹਰ ਮਨੁੱਖ ਜਿਹੜਾ ਇਸ ਵਾਇਦੇ ਅਨੁਸਾਰ ਨਾ ਕਰੇ, ਉਸ ਨੂੰ ਪਰਮੇਸ਼ਵਰ ਇਸੇ ਤਰ੍ਹਾਂ ਹੀ ਉਸ ਦੇ ਘਰ ਤੋਂ ਅਤੇ ਉਸ ਦੀ ਕਮਾਈ ਤੋਂ ਝਾੜ ਦੇਵੇ, ਉਹ ਇਸੇ ਤਰ੍ਹਾਂ ਹੀ ਝਾੜਿਆ ਜਾਵੇ ਅਤੇ ਸੱਖਣਾ ਕੀਤਾ ਜਾਵੇ!” ਤਦ ਸਾਰੀ ਸਭਾ ਨੇ ਕਿਹਾ, “ਆਮੀਨ!” ਅਤੇ ਯਾਹਵੇਹ ਦੀ ਉਸਤਤ ਕੀਤੀ। ਤਦ ਲੋਕਾਂ ਨੇ ਇਸ ਵਾਇਦੇ ਦੇ ਅਨੁਸਾਰ ਕੰਮ ਕੀਤਾ।
14ਇਸ ਤੋਂ ਇਲਾਵਾ, ਰਾਜਾ ਅਰਤਹਸ਼ਸ਼ਤਾ ਦੇ ਵੀਹਵੇਂ ਸਾਲ ਤੋਂ, ਜਦੋਂ ਮੈਨੂੰ ਯਹੂਦਾਹ ਦੇ ਦੇਸ਼ ਵਿੱਚ ਉਹਨਾਂ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ, ਉਸ ਦੇ ਬੱਤੀਵੇਂ ਸਾਲ, ਬਾਰਾਂ ਸਾਲਾਂ ਤੱਕ, ਨਾ ਤਾਂ ਮੈਂ ਅਤੇ ਨਾ ਹੀ ਮੇਰੇ ਭਰਾਵਾਂ ਨੇ ਰਾਜਪਾਲ ਨੂੰ ਦਿੱਤਾ ਹੋਇਆ ਭੋਜਨ ਖਾਧਾ।
15ਪਰ ਮੇਰੇ ਤੋਂ ਪਹਿਲਾਂ ਦੇ ਰਾਜਪਾਲਾਂ ਨੇ ਲੋਕਾਂ ਉੱਤੇ ਭਾਰੀ ਬੋਝ ਪਾਇਆ ਅਤੇ ਭੋਜਨ ਅਤੇ ਦਾਖਰਸ ਤੋਂ ਇਲਾਵਾ ਉਹਨਾਂ ਤੋਂ ਚਾਲੀ ਸ਼ਕੇਲ ਚਾਂਦੀ ਵੀ ਲੈਂਦੇ ਸਨ। ਸਗੋਂ ਉਹਨਾਂ ਦੇ ਜੁਆਨ ਵੀ ਲੋਕਾਂ ਉੱਤੇ ਹਕੂਮਤ ਕਰਦੇ ਸਨ, ਪਰ ਮੈਂ ਅਜਿਹਾ ਨਹੀਂ ਕੀਤਾ ਕਿਉਂ ਜੋ ਮੈਂ ਪਰਮੇਸ਼ਵਰ ਦਾ ਭੈਅ ਮੰਨਦਾ ਸੀ।
16ਇਸ ਦੀ ਬਜਾਏ, ਮੈਂ ਸ਼ਹਿਰ ਪਨਾਹ ਦੇ ਕੰਮ ਵਿੱਚ ਤਕੜਾਈ ਨਾਲ ਲੱਗਿਆ ਰਿਹਾ, ਅਤੇ ਅਸੀਂ ਕੋਈ ਖੇਤ ਮੁੱਲ ਨਾ ਲਿਆ ਅਤੇ ਮੇਰੇ ਸਾਰੇ ਜੁਆਨ ਕੰਮ ਕਰਨ ਲਈ ਉੱਥੇ ਇਕੱਠੇ ਰਹਿੰਦੇ ਸਨ।