ਨਹਮਯਾਹ 6

1ਜਦੋਂ ਸਨਬੱਲਟ, ਤੋਬਿਆਹ, ਗੇਸ਼ਮ ਅਰਬੀ ਅਤੇ ਸਾਡੇ ਬਾਕੀ ਦੁਸ਼ਮਣਾਂ ਨੂੰ ਇਹ ਖ਼ਬਰ ਹੋਈ ਕਿ ਮੈਂ ਕੰਧ ਨੂੰ ਦੁਬਾਰਾ ਬਣਾਇਆ ਹੈ ਅਤੇ ਉਸ ਵਿੱਚ ਕੋਈ ਵਿੱਥ ਨਹੀਂ ਛੱਡੀ ਗਈ, ਹਾਲਾਂਕਿ ਮੈਂ ਉਸ ਸਮੇਂ ਤੱਕ ਦਰਵਾਜ਼ੇ ਨਹੀਂ ਲਗਾਏ ਸਨ,

2ਸਨਬੱਲਟ ਅਤੇ ਗੇਸ਼ਮ ਨੇ ਮੈਨੂੰ ਇਹ ਸੰਦੇਸ਼ ਭੇਜਿਆ, “ਆਓ, ਓਨੋ ਦੇ ਮੈਦਾਨ ਵਿੱਚ ਇੱਕ ਪਿੰਡ ਵਿੱਚ ਇਕੱਠੇ ਮਿਲੀਏ।” ਪਰ ਉਹ ਮੈਨੂੰ ਨੁਕਸਾਨ ਪਹੁੰਚਣਾ ਚਾਹੁੰਦੇ ਸਨ,

3ਇਸ ਲਈ ਮੈਂ ਉਹਨਾਂ ਨੂੰ ਸੰਦੇਸ਼ਵਾਹਕਾਂ ਦੇ ਰਾਹੀਂ ਇਹ ਸੁਨੇਹਾ ਭੇਜਿਆ, “ਮੈਂ ਤਾਂ ਇੱਕ ਵੱਡਾ ਕੰਮ ਕਰ ਰਿਹਾ ਹਾਂ ਅਤੇ ਹੇਠਾਂ ਨਹੀਂ ਆ ਸਕਦਾ, ਮੇਰੇ ਤੁਹਾਡੇ ਕੋਲ ਹੇਠਾਂ ਆਉਣ ਦੇ ਕਾਰਨ ਇਹ ਕੰਮ ਕਿਉਂ ਰੋਕਿਆ ਜਾਵੇ?”

4ਚਾਰ ਵਾਰ ਉਹਨਾਂ ਨੇ ਮੈਨੂੰ ਉਹੀ ਸੰਦੇਸ਼ ਭੇਜਿਆ, ਅਤੇ ਹਰ ਵਾਰ ਮੈਂ ਉਹਨਾਂ ਨੂੰ ਉਹੀ ਜਵਾਬ ਦਿੱਤਾ।

5ਫਿਰ ਪੰਜਵੀਂ ਵਾਰੀ ਸਨਬੱਲਟ ਨੇ ਆਪਣੇ ਸੇਵਕ ਦੇ ਹੱਥ ਖੁੱਲ੍ਹੀ ਚਿੱਠੀ ਦੇ ਕੇ ਉਸ ਨੂੰ ਮੇਰੇ ਕੋਲ ਭੇਜਿਆ:

6ਜਿਸ ਦੇ ਵਿੱਚ ਲਿਖਿਆ ਹੋਇਆ ਸੀ “ਕੌਮਾਂ ਵਿੱਚ ਇਹ ਗੱਲ ਸੁਣੀ ਗਈ ਹੈ, ਅਤੇ ਗੇਸ਼ਮ ਵੀ ਇਹੋ ਕਹਿੰਦਾ ਹੈ ਕਿ ਤੂੰ ਅਤੇ ਯਹੂਦੀ ਵਿਦਰੋਹੀ ਹੋਣ ਦੀ ਯੋਜਨਾ ਬਣਾਉਂਦੇ ਹੋ ਅਤੇ ਇਸੇ ਕਾਰਨ ਹੀ ਤੂੰ ਉਸ ਕੰਧ ਨੂੰ ਬਣਾਉਂਦਾ ਹੈ ਅਤੇ ਇਨ੍ਹਾਂ ਗੱਲਾਂ ਦੇ ਅਨੁਸਾਰ ਤੂੰ ਉਹਨਾਂ ਦਾ ਰਾਜਾ ਬਣਨਾ ਚਾਹੁੰਦਾ ਹੈ

7ਅਤੇ ਯੇਰੂਸ਼ਲੇਮ ਵਿੱਚ ਤੁਹਾਡੇ ਬਾਰੇ ਇਹ ਘੋਸ਼ਣਾ ਕਰਨ ਲਈ ਨਬੀ ਵੀ ਨਿਯੁਕਤ ਕੀਤੇ ਹਨ, ‘ਯਹੂਦਾਹ ਵਿੱਚ ਇੱਕ ਰਾਜਾ ਹੈ!’ ਹੁਣ ਇਹ ਖ਼ਬਰ ਰਾਜੇ ਨੂੰ ਵਾਪਸ ਮਿਲ ਜਾਵੇਗੀ। ਇਸ ਲਈ ਹੁਣ ਆਓ, ਅਸੀਂ ਆਪਸ ਵਿੱਚ ਸਲਾਹ ਕਰੀਏ।”

8ਜਿਵੇਂ ਤੂੰ ਕਿਹਾ ਹੈ: “ਉਹੋ ਜਿਹੀ ਤਾਂ ਕੋਈ ਵੀ ਗੱਲ ਨਹੀਂ ਹੈ ਕਿਉਂਕਿ ਇਸ ਸਭ ਤੇਰੀਆਂ ਹੀ ਮਨ-ਘੜਤ ਗੱਲਾਂ ਹਨ।”

9ਉਹ ਸਾਰੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਇਹ ਸੋਚ ਕੇ, “ਉਹਨਾਂ ਦੇ ਹੱਥ ਕੰਮ ਲਈ ਬਹੁਤ ਕਮਜ਼ੋਰ ਹੋ ਜਾਣਗੇ, ਅਤੇ ਇਹ ਪੂਰਾ ਨਹੀਂ ਹੋਵੇਗਾ।” ਪਰ ਮੈਂ ਪ੍ਰਾਰਥਨਾ ਕੀਤੀ, “ਹੁਣ ਮੇਰੇ ਹੱਥ ਮਜ਼ਬੂਤ ਕਰੋ।”

10ਇੱਕ ਦਿਨ ਮੈਂ ਦਲਾਯਾਹ ਦੇ ਪੁੱਤਰ ਸ਼ਮਅਯਾਹ ਦੇ ਘਰ ਗਿਆ, ਜੋ ਮਹਿਤਾਬੇਲ ਦਾ ਪੁੱਤਰ ਸੀ, ਉਹ ਆਪਣੇ ਘਰ ਵਿੱਚ ਬੰਦ ਸੀ। ਉਸ ਨੇ ਕਿਹਾ, “ਆਓ ਅਸੀਂ ਪਰਮੇਸ਼ਵਰ ਦੇ ਘਰ ਦੇ ਅੰਦਰ ਮਿਲੀਏ, ਅਤੇ ਅਸੀਂ ਭਵਨ ਦੇ ਦਰਵਾਜ਼ੇ ਬੰਦ ਕਰ ਦੇਈਏ ਕਿਉਂਕਿ ਲੋਕ ਤੁਹਾਨੂੰ ਮਾਰਨ ਲਈ ਆ ਰਹੇ ਹਨ, ਰਾਤ ਨੂੰ ਉਹ ਤੁਹਾਨੂੰ ਮਾਰਨ ਲਈ ਆ ਰਹੇ ਹਨ।”

11ਪਰ ਮੈਂ ਕਿਹਾ, “ਕੀ ਮੇਰੇ ਵਰਗੇ ਆਦਮੀ ਨੂੰ ਭੱਜਣਾ ਚਾਹੀਦਾ ਹੈ? ਜਾਂ ਮੇਰੇ ਵਰਗਾ ਆਪਣੀ ਜਾਨ ਬਚਾਉਣ ਲਈ ਮੰਦਰ ਵਿੱਚ ਜਾਏ? ਮੈਂ ਨਹੀਂ ਜਾਵਾਂਗਾ!”

12ਮੈਨੂੰ ਅਹਿਸਾਸ ਹੋਇਆ ਕਿ ਪਰਮੇਸ਼ਵਰ ਨੇ ਉਸਨੂੰ ਨਹੀਂ ਭੇਜਿਆ ਸੀ, ਪਰ ਉਸਨੇ ਮੇਰੇ ਵਿਰੁੱਧ ਭਵਿੱਖਬਾਣੀ ਕੀਤੀ ਸੀ ਕਿਉਂਕਿ ਤੋਬਿਆਹ ਅਤੇ ਸਨਬੱਲਟ ਨੇ ਉਸਨੂੰ ਭਾੜੇ ਤੇ ਰੱਖਿਆ ਸੀ।

13ਉਹਨਾਂ ਨੇ ਉਸ ਨੂੰ ਇਸ ਲਈ ਭਾੜੇ ਤੇ ਰੱਖਿਆ ਤਾਂ ਜੋ ਮੈਂ ਡਰ ਜਾਵਾਂ ਅਤੇ ਅਜਿਹਾ ਕੰਮ ਕਰਕੇ ਪਾਪੀ ਬਣ ਬੈਠਾ, ਜਿਸ ਨਾਲ ਉਹ ਮੇਰੀ ਬਦਨਾਮੀ ਕਰਨ ਅਤੇ ਇਹ ਮੇਰੀ ਨਿੰਦਿਆ ਦਾ ਕਾਰਨ ਹੋਵੇ।

14ਹੇ ਮੇਰੇ ਪਰਮੇਸ਼ਵਰ, ਤੋਬਿਆਹ ਅਤੇ ਸਨਬੱਲਟ ਨੂੰ ਉਹਨਾਂ ਦੇ ਇਹਨਾਂ ਕੰਮਾਂ ਅਨੁਸਾਰ ਅਤੇ ਨੋਆਦਯਾਹ ਨਬੀਆਂ ਅਤੇ ਬਾਕੀ ਸਾਰੇ ਨਬੀਆਂ ਨੂੰ ਜਿਹੜੇ ਮੈਨੂੰ ਡਰਾਉਣਾ ਚਾਹੁੰਦੇ ਸਨ, ਯਾਦ ਰੱਖ।

15ਇਸ ਤਰ੍ਹਾਂ ਅਲੂਲ ਮਹੀਨੇ ਦੀ ਪੱਚੀ ਤਾਰੀਖ਼ ਨੂੰ ਅਰਥਾਤ ਬਵੰਜਾ ਦਿਨਾਂ ਵਿੱਚ ਕੰਧ ਬਣ ਕੇ ਪੂਰੀ ਹੋ ਗਈ।

16ਜਦੋਂ ਸਾਡੇ ਸਾਰੇ ਦੁਸ਼ਮਣਾਂ ਨੇ ਇਸ ਬਾਰੇ ਸੁਣਿਆ, ਤਾਂ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਡਰ ਗਈਆਂ ਅਤੇ ਆਪਣਾ ਆਤਮ-ਵਿਸ਼ਵਾਸ ਗੁਆ ਲਿਆਂ, ਕਿਉਂਕਿ ਉਹਨਾਂ ਨੇ ਜਾਣ ਲਿਆ ਕਿ ਇਹ ਕੰਮ ਸਾਡੇ ਪਰਮੇਸ਼ਵਰ ਦੀ ਮਦਦ ਨਾਲ ਹੋਇਆ ਹੈ।

17ਨਾਲੇ, ਉਹਨਾਂ ਦਿਨਾਂ ਵਿੱਚ ਯਹੂਦਾਹ ਦੇ ਪਤਵੰਤੇ ਤੋਬਿਆਹ ਨੂੰ ਬਹੁਤ ਸਾਰੀਆਂ ਚਿੱਠੀਆਂ ਭੇਜ ਰਹੇ ਸਨ, ਅਤੇ ਟੋਬੀਯਾਹ ਵੱਲੋਂ ਉਹਨਾਂ ਕੋਲ ਗਈਆਂ।

18ਕਿਉਂ ਜੋ ਯਹੂਦਾਹ ਵਿੱਚ ਬਹੁਤਿਆਂ ਨੇ ਉਹ ਦੀ ਸਹੁੰ ਖਾਧੀ ਸੀ ਕਿਉਂ ਜੋ ਉਹ ਅਰਾਹ ਦੇ ਪੁੱਤਰ ਸ਼ਕਨਯਾਹ ਦਾ ਜਵਾਈ ਸੀ ਅਤੇ ਉਹ ਦੇ ਪੁੱਤਰ ਯਹੋਹਾਨਾਨ ਨੇ ਬਰਕਯਾਹ ਦੇ ਪੁੱਤਰ ਮਸ਼ੁੱਲਾਮ ਦੀ ਧੀ ਨਾਲ ਵਿਆਹ ਕੀਤਾ ਸੀ।

19ਇਸ ਤੋਂ ਇਲਾਵਾ, ਉਹ ਮੈਨੂੰ ਉਸ ਦੇ ਚੰਗੇ ਕੰਮਾਂ ਦੀ ਸੂਚਨਾ ਵੀ ਦਿੰਦੇ ਸੀ ਅਤੇ ਫਿਰ ਉਸ ਨੂੰ ਦੱਸਦੇ ਰਹੇ ਕਿ ਮੈਂ ਕੀ ਕਿਹਾ ਹੈ ਅਤੇ ਤੋਬਿਆਹ ਨੇ ਮੈਨੂੰ ਡਰਾਉਣ ਲਈ ਚਿੱਠੀਆਂ ਭੇਜੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.