12ਸਾਰੇ ਯਹੂਦਾਹ ਨੇ ਅਨਾਜ, ਨਵੀਂ ਦਾਖ਼ਰਸ ਅਤੇ ਜ਼ੈਤੂਨ ਦੇ ਤੇਲ ਦਾ ਦਸਵੰਧ ਭੰਡਾਰਾਂ ਵਿੱਚ ਲਿਆਂਦਾ।
13ਫਿਰ ਮੈਂ ਸ਼ਲਮਯਾਹ ਜਾਜਕ ਅਤੇ ਸਾਦੋਕ ਸ਼ਾਸਤਰੀ ਨੂੰ ਅਤੇ ਲੇਵੀਆਂ ਵਿੱਚੋਂ ਪਦਾਯਾਹ ਨੂੰ ਭੰਡਾਰਾਂ ਦਾ ਪ੍ਰਧਾਨ ਨਿਯੁਕਤ ਕੀਤਾ ਅਤੇ ਇਨ੍ਹਾਂ ਦੇ ਹੇਠ ਹਨਾਨ ਨੂੰ ਜੋ ਮੱਤਨਯਾਹ ਦਾ ਪੋਤਾ ਅਤੇ ਜ਼ੱਕੂਰ ਦਾ ਪੁੱਤਰ ਸੀ, ਨਿਯੁਕਤ ਕੀਤਾ, ਕਿਉਂਕਿ ਉਹ ਇਮਾਨਦਾਰ ਗਿਣੇ ਜਾਂਦੇ ਸਨ ਅਤੇ ਆਪਣੇ ਭਰਾਵਾਂ ਵਿੱਚ ਵੰਡਣਾ ਉਹਨਾਂ ਦਾ ਕੰਮ ਸੀ।
14ਮੇਰੇ ਪਰਮੇਸ਼ਵਰ, ਇਸ ਲਈ ਮੈਨੂੰ ਯਾਦ ਰੱਖੋ, ਅਤੇ ਜੋ ਮੈਂ ਆਪਣੇ ਪਰਮੇਸ਼ਵਰ ਦੇ ਘਰ ਅਤੇ ਇਸ ਦੀਆਂ ਸੇਵਾਵਾਂ ਲਈ ਇੰਨੀ ਵਫ਼ਾਦਾਰੀ ਨਾਲ ਕੀਤਾ ਹੈ, ਉਸ ਨੂੰ ਨਾ ਮਿਟਾਈ।
15ਉਹਨਾਂ ਦਿਨਾਂ ਵਿੱਚ ਮੈਂ ਯਹੂਦਾਹ ਵਿੱਚ ਕਈ ਮਨੁੱਖਾਂ ਨੂੰ ਵੇਖਿਆ ਜਿਹੜੇ ਸਬਤ ਦੇ ਦਿਨ ਅੰਗੂਰਾਂ ਨੂੰ ਚੁਬੱਚੇ ਵਿੱਚ ਪੀੜਦੇ ਸਨ ਅਤੇ ਪੂਲਿਆਂ ਨੂੰ ਗਧਿਆਂ ਉੱਤੇ ਲੱਦ ਕੇ ਅੰਦਰ ਲਿਆਉਂਦੇ ਸਨ, ਇਸੇ ਤਰ੍ਹਾਂ ਦਾਖ਼ਰਸ, ਅੰਗੂਰ, ਹੰਜੀਰ ਅਤੇ ਨਾਨਾ ਪ੍ਰਕਾਰ ਦੇ ਭਾਰ ਸਬਤ ਦੇ ਦਿਨ ਯੇਰੂਸ਼ਲੇਮ ਦੇ ਅੰਦਰ ਲਿਆਉਂਦੇ ਸਨ। ਇਸ ਲਈ ਮੈਂ ਉਹਨਾਂ ਨੂੰ ਸਬਤ ਦੇ ਦਿਨ ਕੋਈ ਵੀ ਭੋਜਨ ਵਸਤੂ ਨਾ ਵੇਚਣ ਦੀ ਚਿਤਾਉਣੀ ਦਿੱਤੀ।
16ਸੂਰ ਦੇ ਲੋਕ ਜੋ ਯੇਰੂਸ਼ਲੇਮ ਵਿੱਚ ਰਹਿੰਦੇ ਸਨ, ਸਬਤ ਦੇ ਦਿਨ ਯੇਰੂਸ਼ਲੇਮ ਵਿੱਚ ਮੱਛੀਆਂ ਅਤੇ ਹਰ ਕਿਸਮ ਦਾ ਵਪਾਰ ਲਿਆਉਂਦੇ ਸਨ ਅਤੇ ਯਹੂਦਾਹ ਦੇ ਲੋਕਾਂ ਨੂੰ ਵੇਚਦੇ ਸਨ।