2ਤਾਂ ਰਾਜੇ ਨੇ ਮੈਨੂੰ ਪੁੱਛਿਆ, “ਤੂੰ ਬਿਮਾਰ ਤਾਂ ਨਹੀਂ ਲੱਗਦਾ, ਫਿਰ ਤੇਰਾ ਚਿਹਰਾ ਇੰਨਾ ਉਦਾਸ ਕਿਉਂ ਹੈ? ਇਹ ਦਿਲ ਦੀ ਉਦਾਸੀ ਤੋਂ ਇਲਾਵਾ ਹੋਰ ਕੁਝ ਨਹੀਂ ਹੋ ਸਕਦਾ।” ਮੈਂ ਬਹੁਤ ਡਰਿਆ ਹੋਇਆ ਸੀ,
3ਪਰ ਮੈਂ ਰਾਜੇ ਨੂੰ ਕਿਹਾ, “ਪਾਤਸ਼ਾਹ ਸਦਾ ਜੀਉਂਦਾ ਰਹੇ! ਮੇਰਾ ਚਿਹਰਾ ਉਦਾਸ ਕਿਉਂ ਨਾ ਹੋਵੇ ਜਦੋਂ ਉਹ ਸ਼ਹਿਰ ਜਿੱਥੇ ਮੇਰੇ ਪੁਰਖਿਆਂ ਨੂੰ ਦਫ਼ਨਾਇਆ ਗਿਆ ਸੀ ਤਬਾਹ ਹੋ ਗਿਆ ਹੈ ਅਤੇ ਉਸ ਦੇ ਦਰਵਾਜ਼ੇ ਅੱਗ ਨਾਲ ਸੜ ਚੁੱਕੇ ਹਨ?”
4ਰਾਜੇ ਨੇ ਮੈਨੂੰ ਕਿਹਾ, “ਤੂੰ ਕੀ ਚਾਹੁੰਦਾ ਹੈ?” ਤਦ ਮੈਂ ਸਵਰਗ ਦੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ,
5ਅਤੇ ਮੈਂ ਰਾਜੇ ਨੂੰ ਉੱਤਰ ਦਿੱਤਾ, “ਜੇਕਰ ਰਾਜੇ ਨੂੰ ਚੰਗਾ ਲੱਗਦਾ ਹੈ ਅਤੇ ਜੇ ਤੁਹਾਡੇ ਸੇਵਕ ਨੇ ਤੁਹਾਡੀ ਨਿਗਾਹ ਵਿੱਚ ਕਿਰਪਾ ਪਾਈ ਹੋਵੇ, ਤਾਂ ਤੁਸੀਂ ਮੈਨੂੰ ਯਹੂਦਾਹ ਦੇ ਉਸ ਸ਼ਹਿਰ ਵਿੱਚ ਭੇਜ ਦਿਓ ਜਿੱਥੇ ਮੇਰੇ ਪੁਰਖੇ ਦਫ਼ਨਾਏ ਗਏ ਹਨ ਤਾਂ ਜੋ ਮੈਂ ਇਸ ਨੂੰ ਦੁਬਾਰਾ ਬਣਾ ਸਕਾਂ।”
6ਤਦ ਰਾਜਾ ਨੇ ਜਿਸ ਦੇ ਕੋਲ ਰਾਣੀ ਵੀ ਬੈਠੀ ਸੀ, ਮੈਨੂੰ ਪੁੱਛਿਆ, “ਤੇਰਾ ਸਫ਼ਰ ਕਿੰਨੇ ਦਿਨ ਦਾ ਹੋਵੇਗਾ ਅਤੇ ਤੂੰ ਕਦੋਂ ਵਾਪਿਸ ਮੁੜੇਂਗਾ?” ਤਦ ਮੈਨੂੰ ਭੇਜਣਾ ਰਾਜੇ ਨੂੰ ਚੰਗਾ ਲੱਗਿਆ ਅਤੇ ਮੈਂ ਵੀ ਉਸ ਦੇ ਨਾਲ ਇੱਕ ਸਮਾਂ ਨਿਯੁਕਤ ਕਰ ਲਿਆ।