9ਤਦ ਨਹਮਯਾਹ ਰਾਜਪਾਲ, ਅਜ਼ਰਾ ਜਾਜਕ ਅਤੇ ਨੇਮ ਦੇ ਉਪਦੇਸ਼ਕ ਅਤੇ ਲੇਵੀਆਂ ਨੇ ਜੋ ਲੋਕਾਂ ਨੂੰ ਉਪਦੇਸ਼ ਦੇ ਰਹੇ ਸਨ, ਉਹਨਾਂ ਸਾਰਿਆਂ ਨੂੰ ਆਖਿਆ, “ਅੱਜ ਦਾ ਦਿਨ ਯਾਹਵੇਹ ਤੁਹਾਡੇ ਪਰਮੇਸ਼ਵਰ ਲਈ ਪਵਿੱਤਰ ਹੈ। ਸੋਗ ਨਾ ਕਰੋ ਅਤੇ ਨਾ ਰੋਵੋ।” ਕਿਉਂਕਿ ਸਾਰੇ ਲੋਕ ਬਿਵਸਥਾ ਦੀਆਂ ਗੱਲਾਂ ਸੁਣ ਕੇ ਰੋ ਰਹੇ ਸਨ।
10ਨਹਮਯਾਹ ਨੇ ਕਿਹਾ, “ਜਾਓ ਅਤੇ ਵਧੀਆ ਭੋਜਨ ਅਤੇ ਮਿੱਠੇ ਪੀਣ ਵਾਲੇ ਪਦਾਰਥਾਂ ਦਾ ਆਨੰਦ ਮਾਣੋ ਅਤੇ ਕੁਝ ਉਹਨਾਂ ਨੂੰ ਭੇਜੋ ਜਿਨ੍ਹਾਂ ਕੋਲ ਕੁਝ ਵੀ ਤਿਆਰ ਨਹੀਂ ਹੈ। ਇਹ ਦਿਨ ਸਾਡੇ ਯਾਹਵੇਹ ਲਈ ਪਵਿੱਤਰ ਹੈ। ਉਦਾਸ ਨਾ ਹੋਵੋ, ਕਿਉਂਕਿ ਯਾਹਵੇਹ ਦੀ ਖੁਸ਼ੀ ਤੁਹਾਡੀ ਤਾਕਤ ਹੈ।”
11ਲੇਵੀਆਂ ਨੇ ਸਾਰੇ ਲੋਕਾਂ ਨੂੰ ਇਹ ਕਹਿ ਕੇ ਸ਼ਾਂਤ ਕੀਤਾ, “ਚੁੱਪ ਰਹੋ, ਕਿਉਂਕਿ ਇਹ ਪਵਿੱਤਰ ਦਿਨ ਹੈ। ਉਦਾਸ ਨਾ ਹੋਵੋ।”
12ਤਦ ਸਾਰੀ ਪਰਜਾ ਖਾਣ-ਪੀਣ ਅਤੇ ਇੱਕ-ਦੂਜੇ ਨੂੰ ਭੋਜਨ ਵਸਤੂਆਂ ਭੇਜਣ ਅਤੇ ਵੱਡਾ ਅਨੰਦ ਕਰਨ ਲਈ ਚਲੀ ਗਈ, ਕਿਉਂਕਿ ਜੋ ਬਚਨ ਉਹਨਾਂ ਨੂੰ ਸਮਝਾਏ ਗਏ ਸਨ, ਉਹਨਾਂ ਨੇ ਉਹ ਸਮਝ ਲਏ ਸਨ।
13ਮਹੀਨੇ ਦੇ ਦੂਜੇ ਦਿਨ, ਸਾਰੇ ਪਰਿਵਾਰਾਂ ਦੇ ਮੁਖੀ, ਜਾਜਕਾਂ ਅਤੇ ਲੇਵੀਆਂ ਦੇ ਨਾਲ, ਬਿਵਸਥਾ ਦੀਆਂ ਗੱਲਾਂ ਵੱਲ ਧਿਆਨ ਦੇਣ ਲਈ ਅਜ਼ਰਾ ਬਿਵਸਥਾ ਦੇ ਸਿਖਾਉਣ ਵਾਲੇ ਦੇ ਦੁਆਲੇ ਇਕੱਠੇ ਹੋਏ।