5ਤਦ ਅਜ਼ਰਾ ਨੇ ਜੋ ਸਭ ਤੋਂ ਉੱਚੇ ਸਥਾਨ ਤੇ ਖੜ੍ਹਾ ਸੀ, ਸਾਰੀ ਪਰਜਾ ਦੇ ਵੇਖਦਿਆਂ ਪੁਸਤਕ ਨੂੰ ਖੋਲ੍ਹਿਆ ਅਤੇ ਉਸ ਦੇ ਖੋਲ੍ਹਦਿਆਂ ਸਾਰ ਹੀ ਸਾਰੀ ਪਰਜਾ ਉੱਠ ਕੇ ਖੜੀ ਹੋ ਗਈ।
6ਅਜ਼ਰਾ ਨੇ ਮਹਾਨ ਪਰਮੇਸ਼ਵਰ ਯਾਹਵੇਹ ਦੀ ਉਸਤਤ ਕੀਤੀ ਅਤੇ ਸਾਰੇ ਲੋਕਾਂ ਨੇ ਆਪਣੇ ਹੱਥ ਚੁੱਕ ਕੇ ਜਵਾਬ ਦਿੱਤਾ, “ਆਮੀਨ! ਆਮੀਨ!” ਫਿਰ ਉਹਨਾਂ ਨੇ ਮੱਥਾ ਟੇਕਿਆ ਅਤੇ ਜ਼ਮੀਨ ਵੱਲ ਮੂੰਹ ਝੁਕਾ ਕੇ ਯਾਹਵੇਹ ਦੀ ਵਡਿਆਈ ਕੀਤੀ।
7ਲੇਵੀਆਂ, ਯੇਸ਼ੂਆ, ਬਾਨੀ, ਸ਼ੇਰੇਬਯਾਹ, ਯਾਮੀਨ, ਅੱਕੂਬ, ਸ਼ਬਥਈ, ਹੋਦੀਯਾਹ, ਮਾਸੇਯਾਹ, ਕੇਲੀਤਾ, ਅਜ਼ਰਯਾਹ, ਯੋਜ਼ਾਬਾਦ, ਹਨਾਨ ਅਤੇ ਪਲਯਾਹ ਨੇ ਲੋਕਾਂ ਨੂੰ ਬਿਵਸਥਾ ਦੀ ਸਿੱਖਿਆ ਦਿੱਤੀ ਜਦੋਂ ਲੋਕ ਉੱਥੇ ਖੜ੍ਹੇ ਸਨ।
8ਉਹ ਪਰਮੇਸ਼ਵਰ ਦੀ ਬਿਵਸਥਾ ਦੀ ਪੋਥੀ ਵਿੱਚੋਂ ਪੜ੍ਹਦੇ ਹਨ, ਇਸ ਨੂੰ ਸਪਸ਼ਟ ਕਰਦੇ ਹਨ ਅਤੇ ਇਸਦਾ ਅਰਥ ਸਮਝਾਉਂਦੇ ਹਨ ਤਾਂ ਜੋ ਲੋਕ ਸਮਝ ਸਕਣ ਜੋ ਕੀ ਪੜ੍ਹਿਆ ਜਾ ਰਿਹਾ ਹੈ।
9ਤਦ ਨਹਮਯਾਹ ਰਾਜਪਾਲ, ਅਜ਼ਰਾ ਜਾਜਕ ਅਤੇ ਨੇਮ ਦੇ ਉਪਦੇਸ਼ਕ ਅਤੇ ਲੇਵੀਆਂ ਨੇ ਜੋ ਲੋਕਾਂ ਨੂੰ ਉਪਦੇਸ਼ ਦੇ ਰਹੇ ਸਨ, ਉਹਨਾਂ ਸਾਰਿਆਂ ਨੂੰ ਆਖਿਆ, “ਅੱਜ ਦਾ ਦਿਨ ਯਾਹਵੇਹ ਤੁਹਾਡੇ ਪਰਮੇਸ਼ਵਰ ਲਈ ਪਵਿੱਤਰ ਹੈ। ਸੋਗ ਨਾ ਕਰੋ ਅਤੇ ਨਾ ਰੋਵੋ।” ਕਿਉਂਕਿ ਸਾਰੇ ਲੋਕ ਬਿਵਸਥਾ ਦੀਆਂ ਗੱਲਾਂ ਸੁਣ ਕੇ ਰੋ ਰਹੇ ਸਨ।