8ਪਰ ਡਰਾਕਲਾਂ, ਅਤੇ ਅਵਿਸ਼ਵਾਸੀਆਂ, ਘਿਣਾਉਣਿਆਂ, ਖੂਨੀਆਂ, ਹਰਾਮਕਾਰਾਂ, ਅਤੇ ਜਾਦੂਗਰਾਂ, ਮੂਰਤੀ ਪੂਜਕਾਂ ਅਤੇ ਸਾਰਿਆਂ ਝੂਠਿਆਂ ਦੀ ਜਗ੍ਹਾ ਉਸ ਝੀਲ ਵਿੱਚ ਹੋਵੇਗੀ, ਜਿਹੜੀ ਅੱਗ ਅਤੇ ਗੰਧਕ ਨਾਲ ਬਲਦੀ ਹੈ! ਇਹ ਦੂਸਰੀ ਮੌਤ ਹੈ।”
9ਇਸ ਤੋਂ ਬਾਅਦ ਸੱਤ ਸਵਰਗਦੂਤਾਂ ਵਿੱਚੋਂ ਜਿਨ੍ਹਾਂ ਕੋਲ ਸੱਤ ਕਟੋਰੇ ਸਨ ਅਤੇ ਜਿਹੜੇ ਸੱਤਾਂ ਮਹਾਂਮਾਰੀਆਂ ਨਾਲ ਭਰੇ ਹੋਏ ਸਨ ਉਹਨਾਂ ਵਿੱਚੋਂ ਇੱਕ ਨੇ ਮੇਰੇ ਕੋਲ ਆ ਕੇ ਮੈਨੂੰ ਕਿਹਾ, “ਆ, ਮੈਂ ਤੈਨੂੰ ਲਾੜੀ ਵਿਖਾਵਾਂ ਜਿਹੜੀ ਲੇਲੇ ਦੀ ਪਤਨੀ ਹੈ।”
10ਤਾਂ ਉਹ ਮੈਨੂੰ ਪਰਮੇਸ਼ਵਰ ਦੇ ਆਤਮਾ ਵਿੱਚ ਇੱਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ, ਅਤੇ ਉਸ ਨੇ ਮੈਨੂੰ ਪਵਿੱਤਰ ਸ਼ਹਿਰ ਯੇਰੂਸ਼ਲੇਮ ਜੋ ਪਰਮੇਸ਼ਵਰ ਕੋਲੋਂ ਸਵਰਗ ਤੋਂ ਉੱਤਰਦਾ ਹੈ ਵਿਖਾਇਆ, ਜਿਸ ਦੇ ਵਿੱਚ ਪਰਮੇਸ਼ਵਰ ਦਾ ਤੇਜ ਸੀ।
11ਇਹ ਪਰਮੇਸ਼ਵਰ ਦੀ ਮਹਿਮਾ ਨਾਲ ਚਮਕਦਾ, ਅਤੇ ਇਸ ਦੀ ਚਮਕ ਬਹੁਤ ਕੀਮਤੀ ਗਹਿਣਿਆਂ ਵਰਗੀ ਸੀ, ਜਿਵੇਂ ਬਲੌਰ ਅਤੇ ਪੁਖਰਾਜ ਪੱਥਰ ਹੋਵੇ।
12ਉਸ ਸ਼ਹਿਰ ਦੇ ਚਾਰੇ ਪਾਸੇ ਇੱਕ ਵੱਡੀ ਦੀਵਾਰ ਸੀ, ਅਤੇ ਬਾਰ੍ਹਾ ਦਰਵਾਜ਼ੇ ਸਨ ਅਤੇ ਉਹਨਾਂ ਦਰਵਾਜ਼ਿਆਂ ਉੱਤੇ ਬਾਰ੍ਹਾ ਸਵਰਗਦੂਤ ਪਹਿਰਾ ਦਿੰਦੇ ਸਨ। ਉਹਨਾਂ ਦਰਵਾਜ਼ਿਆਂ ਉੱਤੇ ਇਸਰਾਏਲ ਦੇ ਬਾਰ੍ਹਾ ਗੋਤਾ ਦੇ ਨਾਮ ਲਿਖੇ ਹੋਏ ਸਨ।