1ਇਸ ਤੋਂ ਬਾਅਦ ਮੈਂ ਵੇਖਿਆ, ਅਤੇ ਮੇਰੇ ਸਾਹਮਣੇ ਸਵਰਗ ਵਿੱਚ ਇੱਕ ਦਰਵਾਜ਼ਾ ਖੁੱਲ੍ਹਾ ਸੀ। ਅਤੇ ਉਹੀ ਜਿਸ ਨੂੰ ਮੈਂ ਪਹਿਲਾਂ ਤੁਰ੍ਹੀ ਦੀ ਆਵਾਜ਼ ਤੋਂ ਮੇਰੇ ਨਾਲ ਗੱਲ ਕਰਦਿਆਂ ਸੁਣਿਆ ਸੀ, ਉਸ ਨੇ ਮੈਨੂੰ ਇਸ ਤਰ੍ਹਾਂ ਕਿਹਾ, “ਇੱਥੇ ਉੱਪਰ ਆ, ਅਤੇ ਮੈਂ ਤੁਹਾਨੂੰ ਉਹ ਗੱਲਾਂ ਦਿਖਾਵਾਂਗਾ ਜੋ ਇਸ ਤੋਂ ਬਾਅਦ ਹੋਣ ਵਾਲੀਆਂ ਹਨ।”
2ਉਸੇ ਵੇਲੇ ਪਰਮੇਸ਼ਵਰ ਦੇ ਆਤਮਾ ਨੇ ਮੇਰੇ ਉੱਪਰ ਅਧਿਕਾਰ ਲੈ ਲਿਆ, ਅਤੇ ਸਵਰਗ ਵਿੱਚ ਮੇਰੇ ਸਾਹਮਣੇ ਇੱਕ ਸਿੰਘਾਸਣ ਸੀ ਜਿਸ ਦੇ ਉੱਤੇ ਕੋਈ ਬੈਠਾ ਸੀ।
3ਅਤੇ ਜੋ ਉਸ ਸਿੰਘਾਸਣ ਤੇ ਬੈਠਾ ਸੀ ਉਹ ਵੇਖਣ ਵਿੱਚ ਹੀਰੇ ਅਤੇ ਲਾਲ ਅਕੀਕ ਵਰਗਾ ਸੀ ਅਤੇ ਉਹ ਦੀ ਚਮਕ ਸਿੰਘਾਸਣ ਦੇ ਦੁਆਲੇ ਇੱਕ ਸਤਰੰਗੀ ਪੀਂਘ ਦੀ ਤਰ੍ਹਾਂ ਚਮਕ ਰਹੀ ਸੀ।
4ਸਿੰਘਾਸਣ ਦੇ ਦੁਆਲੇ ਚੌਵੀਂ ਹੋਰ ਸਿੰਘਾਸਣ ਸਨ, ਅਤੇ ਉਹਨਾਂ ਉੱਤੇ ਚੌਵੀਂ ਬਜ਼ੁਰਗ ਬੈਠੇ ਸਨ। ਉਹਨਾਂ ਨੇ ਚਿੱਟੇ ਕੱਪੜੇ ਪਾਏ ਹੋਏ ਸਨ ਅਤੇ ਉਹਨਾਂ ਦੇ ਸਿਰਾਂ ਉੱਤੇ ਸੋਨੇ ਦੇ ਮੁਕਟ ਸਨ।
5ਸਿੰਘਾਸਣ ਤੋਂ ਬਿਜਲੀ ਦੀਆਂ ਲਿਸ਼ਕਾਂ, ਗੜਗੜਾਹਟ ਅਤੇ ਬੱਦਲ ਦੇ ਗਰਜਣ ਦੀ ਆਵਾਜ਼ ਆ ਰਹੀ ਸੀ। ਸਿੰਘਾਸਣ ਦੇ ਸਾਹਮਣੇ, ਸੱਤ ਦੀਵੇ ਬਲ ਰਹੇ ਸਨ। ਇਹ ਪਰਮੇਸ਼ਵਰ ਦੀਆਂ ਸੱਤ ਆਤਮਾਵਾਂ ਹਨ।