1ਮੈਂ ਪੁੱਛਦਾ ਹਾਂ, ਤਾਂ ਕੀ ਪਰਮੇਸ਼ਵਰ ਨੇ ਆਪਣੇ ਇਸਰਾਏਲੀ ਲੋਕਾਂ ਨੂੰ ਰੱਦ ਕਰ ਦਿੱਤਾ ਹੈ? ਬਿਲਕੁੱਲ ਨਹੀਂ! ਮੈਂ ਖ਼ੁਦ ਇੱਕ ਇਸਰਾਏਲੀ, ਅਬਰਾਹਾਮ ਦੀ ਅੰਸ ਅਤੇ ਬਿਨਯਾਮੀਨ ਦੀ ਗੋਤ ਵਿਚੋਂ ਹਾਂ।
2ਨਹੀਂ, ਪਰਮੇਸ਼ਵਰ ਨੇ ਇਸਰਾਏਲੀ ਲੋਕਾਂ ਨੂੰ ਤਿਆਗਿਆ ਨਹੀਂ, ਜਿਸ ਨੂੰ ਉਸ ਨੇ ਸ਼ੁਰੂ ਤੋਂ ਹੀ ਚੁਣਿਆ ਹੈ। ਕੀ ਤੁਹਾਨੂੰ ਪਤਾ ਹੈ ਕਿ ਇਸ ਬਾਰੇ ਪਵਿੱਤਰ ਸ਼ਾਸਤਰ ਕੀ ਕਹਿੰਦਾ ਹੈ? ਏਲੀਯਾਹ ਨਬੀ ਨੇ ਇਸਰਾਏਲ ਦੇ ਲੋਕਾਂ ਬਾਰੇ ਪਰਮੇਸ਼ਵਰ ਨੂੰ ਸ਼ਿਕਾਇਤ ਕੀਤੀ ਅਤੇ ਕਿਹਾ,
3“ਹੇ ਪ੍ਰਭੂ, ਉਹਨਾਂ ਨੇ ਤੇਰੇ ਨਬੀਆਂ ਨੂੰ ਮਾਰਿਆ ਅਤੇ ਤੇਰੀਆਂ ਜਗਵੇਦੀਆਂ ਢਾਹ ਦਿੱਤੀਆਂ। ਮੈਂ ਹੀ ਇਕੱਲਾ ਬਚਿਆ ਹਾਂ, ਅਤੇ ਉਹ ਮੇਰੀ ਜਾਨ ਲੈਣ ਲਈ ਮੈਨੂੰ ਲੱਭਦੇ ਫਿਰਦੇ ਹਨ।”
4ਅਤੇ ਪਰਮੇਸ਼ਵਰ ਦਾ ਉਸ ਨੂੰ ਕੀ ਜਵਾਬ ਸੀ? “ਮੈਂ ਆਪਣੇ ਲਈ ਸੱਤ ਹਜ਼ਾਰ ਲੋਕ ਰੱਖੇ ਹਨ ਜਿਨ੍ਹਾਂ ਨੇ ਬਆਲ ਅੱਗੇ ਆਪਣੇ ਗੋਡੇ ਨਹੀਂ ਟੇਕੇ।”