11ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: “ਜਿਵੇਂ ਕਿ ਮੈਂ ਜਿਉਂਦਾ ਹਾਂ, ਪ੍ਰਭੂ ਦਾ ਵਾਕ ਹੈ, ਹਰ ਗੋਡਾ ਮੇਰੇ ਅੱਗੇ ਝੁਕੇਗਾ; ਹਰ ਜੀਭ ਪਰਮੇਸ਼ਵਰ ਨੂੰ ਮੰਨ ਲਵੇਗੀ।”
12ਤਾਂ ਫਿਰ, ਸਾਡੇ ਵਿੱਚੋਂ ਹਰ ਕੋਈ ਪਰਮੇਸ਼ਵਰ ਨੂੰ ਆਪਣਾ ਲੇਖਾ ਦੇਵੇਗਾ।
13ਇਸ ਲਈ ਆਓ ਆਪਾਂ ਇੱਕ-ਦੂਜੇ ਉੱਤੇ ਦੋਸ਼ ਲਾਉਣਾ ਬੰਦ ਕਰੀਏ। ਇਸ ਦੀ ਬਜਾਏ, ਕਿਸੇ ਵੀ ਭਰਾ ਜਾਂ ਭੈਣ ਦੇ ਰਾਹ ਵਿੱਚ ਕੋਈ ਠੋਕਰ ਜਾਂ ਰੁਕਾਵਟ ਦਾ ਕਾਰਨ ਨਾ ਬਣੀਏ।
14ਮੈਂ ਜਾਣਦਾ ਹਾਂ ਅਤੇ ਪ੍ਰਭੂ ਯਿਸ਼ੂ ਵਿੱਚ ਮੈਨੂੰ ਪੂਰੀ ਤਰ੍ਹਾਂ ਯਕੀਨ ਹੈ ਕਿ ਕੁਝ ਵੀ ਆਪਣੇ ਆਪ ਵਿੱਚ ਅਸ਼ੁੱਧ ਨਹੀਂ ਹੈ। ਪਰ ਜੇ ਕੋਈ ਕਿਸੇ ਚੀਜ਼ ਨੂੰ ਅਸ਼ੁੱਧ ਸਮਝਦਾ ਹੈ, ਤਾਂ ਉਸ ਵਿਅਕਤੀ ਲਈ ਉਹ ਅਸ਼ੁੱਧ ਹੈ।
15ਜੇ ਤੁਹਾਡਾ ਭਰਾ ਜਾਂ ਭੈਣ ਤੁਹਾਡੇ ਖਾਣ ਦੇ ਕਾਰਨ ਦੁੱਖੀ ਹੋਵੇ, ਤਾਂ ਤੁਸੀਂ ਹੁਣ ਪਿਆਰ ਦੇ ਅਨੁਸਾਰ ਕੰਮ ਨਹੀਂ ਕਰ ਰਹੇ ਹੋ। ਆਪਣੇ ਖਾਣ ਨਾਲ ਕਿਸੇ ਅਜਿਹੇ ਵਿਅਕਤੀ ਦਾ ਨਾਸ਼ ਨਾ ਕਰੋ ਜਿਸ ਦੇ ਲਈ ਮਸੀਹ ਮਰਿਆ ਸੀ।