10ਤਾਂ ਫਿਰ, ਤੁਸੀਂ ਆਪਣੇ ਭਰਾ ਜਾਂ ਭੈਣ ਦਾ ਨਿਆਂ ਕਿਉਂ ਕਰਦੇ ਹੋ? ਜਾਂ ਤੁਸੀਂ ਉਹਨਾਂ ਨਾਲ ਨਫ਼ਰਤ ਕਿਉਂ ਕਰਦੇ ਹੋ? ਕਿਉਂਕਿ ਅਸੀਂ ਸਾਰੇ ਪਰਮੇਸ਼ਵਰ ਦੇ ਨਿਆਂ ਆਸਨ ਦੇ ਸਾਹਮਣੇ ਖੜ੍ਹੇ ਹੋਵਾਂਗੇ।
11ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: “ਜਿਵੇਂ ਕਿ ਮੈਂ ਜਿਉਂਦਾ ਹਾਂ, ਪ੍ਰਭੂ ਦਾ ਵਾਕ ਹੈ, ਹਰ ਗੋਡਾ ਮੇਰੇ ਅੱਗੇ ਝੁਕੇਗਾ; ਹਰ ਜੀਭ ਪਰਮੇਸ਼ਵਰ ਨੂੰ ਮੰਨ ਲਵੇਗੀ।”
12ਤਾਂ ਫਿਰ, ਸਾਡੇ ਵਿੱਚੋਂ ਹਰ ਕੋਈ ਪਰਮੇਸ਼ਵਰ ਨੂੰ ਆਪਣਾ ਲੇਖਾ ਦੇਵੇਗਾ।
13ਇਸ ਲਈ ਆਓ ਆਪਾਂ ਇੱਕ-ਦੂਜੇ ਉੱਤੇ ਦੋਸ਼ ਲਾਉਣਾ ਬੰਦ ਕਰੀਏ। ਇਸ ਦੀ ਬਜਾਏ, ਕਿਸੇ ਵੀ ਭਰਾ ਜਾਂ ਭੈਣ ਦੇ ਰਾਹ ਵਿੱਚ ਕੋਈ ਠੋਕਰ ਜਾਂ ਰੁਕਾਵਟ ਦਾ ਕਾਰਨ ਨਾ ਬਣੀਏ।
14ਮੈਂ ਜਾਣਦਾ ਹਾਂ ਅਤੇ ਪ੍ਰਭੂ ਯਿਸ਼ੂ ਵਿੱਚ ਮੈਨੂੰ ਪੂਰੀ ਤਰ੍ਹਾਂ ਯਕੀਨ ਹੈ ਕਿ ਕੁਝ ਵੀ ਆਪਣੇ ਆਪ ਵਿੱਚ ਅਸ਼ੁੱਧ ਨਹੀਂ ਹੈ। ਪਰ ਜੇ ਕੋਈ ਕਿਸੇ ਚੀਜ਼ ਨੂੰ ਅਸ਼ੁੱਧ ਸਮਝਦਾ ਹੈ, ਤਾਂ ਉਸ ਵਿਅਕਤੀ ਲਈ ਉਹ ਅਸ਼ੁੱਧ ਹੈ।