7ਯੇਰੂਸ਼ਲੇਮ ਬਾਰੇ ਮੈਂ ਸੋਚਿਆ, ‘ਤੁਸੀਂ ਸਿਰਫ ਮੈਥੋਂ ਡਰਨ ਅਤੇ ਮੇਰੀ ਤਾੜਨਾ ਨੂੰ ਮੰਨਣ,’ ਤਦ ਉਸ ਦੇ ਪਨਾਹ ਸਥਾਨਾਂ ਨੂੰ ਤਬਾਹ ਨਹੀਂ ਕੀਤਾ ਜਾਵੇਗਾ, ਨਾ ਹੀ ਮੇਰੀ ਕੋਈ ਸਜ਼ਾ ਉਨ੍ਹਾਂ ਉੱਤੇ ਆਵੇਗੀ। ਪਰ ਉਹ ਅਜੇ ਵੀ ਆਪਣੇ ਸਾਰੇ ਕੰਮਾਂ ਵਿੱਚ, ਭ੍ਰਿਸ਼ਟਤਾ ਨਾਲ ਕੰਮ ਕਰਨ ਲਈ ਉਤਾਵਲੇ ਹਨ।”
8ਇਸ ਲਈ ਯਾਹਵੇਹ ਦਾ ਵਾਕ ਹੈ, “ਮੇਰੇ ਲਈ ਠਹਿਰੇ ਰਹੋ, ਉਸ ਦਿਨ ਤੱਕ ਜਦ ਕਿ ਮੈਂ ਲੁੱਟ ਲਈ ਉੱਠਾਂ, ਕਿਉਂ ਜੋ ਮੈਂ ਠਾਣ ਲਿਆ ਕਿ ਕੌਮਾਂ ਨੂੰ ਇਕੱਠਿਆਂ ਕਰਾਂ ਅਤੇ ਰਾਜਾਂ ਨੂੰ ਜਮਾਂ ਕਰਾਂ, ਤਾਂ ਜੋ ਮੈਂ ਉਨ੍ਹਾਂ ਦੇ ਉੱਤੇ ਆਪਣਾ ਕਹਿਰ, ਅਤੇ ਆਪਣਾ ਸਾਰਾ ਭੜਕਿਆ ਹੋਇਆ ਕ੍ਰੋਧ ਡੋਲ੍ਹ ਦਿਆਂ, ਕਿਉਂ ਜੋ ਸਾਰੀ ਧਰਤੀ ਮੇਰੀ ਅਣਖ ਦੀ ਅੱਗ ਵਿੱਚ ਭਸਮ ਕੀਤੀ ਜਾਵੇਗੀ।
9“ਫਿਰ ਮੈਂ ਲੋਕਾਂ ਦੇ ਬੁੱਲ੍ਹਾਂ ਨੂੰ ਸ਼ੁੱਧ ਕਰਾਂਗਾ, ਤਾਂ ਜੋ ਉਹ ਸਾਰੇ ਯਾਹਵੇਹ ਦਾ ਨਾਮ ਲੈ ਕੇ ਉਸ ਦੀ ਸੇਵਾ ਕਰਨ। ਅਤੇ ਮੋਢੇ ਨਾਲ ਮੋਢਾ ਜੋੜ ਕੇ ਉਸਦੀ ਸੇਵਾ ਕਰਨ।
10ਕੂਸ਼ ਦੀਆਂ ਨਦੀਆਂ ਦੇ ਪਾਰੋਂ ਮੇਰੇ ਉਪਾਸਕ, ਮੇਰੇ ਖਿੰਡੇ ਹੋਏ ਲੋਕ, ਮੇਰੇ ਲਈ ਭੇਟਾਂ ਲਿਆਉਣਗੇ।
11ਉਸ ਦਿਨ, ਹੇ ਯੇਰੂਸ਼ਲੇਮ, ਤੁੂੰ ਸ਼ਰਮਿੰਦਾ ਨਹੀਂ ਹੋਵੇਗਾ, ਜਿਨ੍ਹਾਂ ਦੇ ਨਾਲ ਤੂੰ ਮੇਰੇ ਵਿਰੁੱਧ ਅਪਰਾਧ ਕੀਤਾ, ਕਿਉਂ ਜੋ ਮੈਂ ਤੇਰੇ ਵਿੱਚੋਂ ਹਰੇਕ ਹੰਕਾਰੀ ਅਤੇ ਅਭਮਾਨੀ ਤੇਰੇ ਤੋਂ ਦੂਰ ਕਰਾਂਗਾ। ਤਾਂ ਜੋ ਤੂੰ ਮੇਰੇ ਪਵਿੱਤਰ ਪਰਬਤ ਵਿੱਚ ਫੇਰ ਘਮੰਡ ਨਾ ਕਰੇ।