23“ਯਹੂਦਾਹ ਦੇ ਰਾਜਾ ਸ਼ਲੋਮੋਨ ਦੇ ਪੁੱਤਰ ਰਹਬੁਆਮ ਨੂੰ, ਸਾਰੇ ਯਹੂਦਾਹ ਅਤੇ ਬਿਨਯਾਮੀਨ ਨੂੰ ਅਤੇ ਬਾਕੀ ਦੇ ਲੋਕਾਂ ਨੂੰ ਆਖ,
24‘ਯਾਹਵੇਹ ਇਸ ਤਰ੍ਹਾਂ ਆਖਦਾ ਹੈ: ਆਪਣੇ ਭਰਾਵਾਂ, ਇਸਰਾਏਲੀਆਂ ਨਾਲ ਲੜਨ ਲਈ ਉੱਪਰ ਨਾ ਜਾਓ। ਤੁਸੀਂ ਸਾਰੇ ਆਪੋ-ਆਪਣੇ ਘਰਾਂ ਨੂੰ ਮੁੜ ਜਾਓ, ਕਿਉਂ ਜੋ ਇਹ ਗੱਲ ਮੇਰੇ ਵੱਲੋਂ ਹੈ।’ ” ਇਸ ਲਈ ਉਹਨਾਂ ਨੇ ਯਾਹਵੇਹ ਦੇ ਬਚਨ ਨੂੰ ਮੰਨਿਆ ਅਤੇ ਯਾਹਵੇਹ ਦੇ ਹੁਕਮ ਅਨੁਸਾਰ ਵਾਪਸ ਘਰ ਚਲੇ ਗਏ।
25ਤਦ ਯਾਰਾਬੁਆਮ ਨੇ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਸ਼ੇਕੇਮ ਨੂੰ ਮਜ਼ਬੂਤ ਕੀਤਾ ਅਤੇ ਉੱਥੇ ਰਹਿਣ ਲੱਗਾ। ਉੱਥੋਂ ਉਹ ਬਾਹਰ ਗਿਆ ਅਤੇ ਪਨੂਏਲ ਦੀ ਉਸਾਰੀ ਕੀਤੀ।
26ਯਾਰਾਬੁਆਮ ਨੇ ਆਪਣੇ ਮਨ ਵਿੱਚ ਸੋਚਿਆ, “ਹੁਣ ਸ਼ਾਇਦ ਰਾਜ ਦਾਵੀਦ ਦੇ ਘਰਾਣੇ ਵੱਲ ਮੁੜ ਜਾਵੇਗਾ।
27ਜੇ ਇਹ ਲੋਕ ਯੇਰੂਸ਼ਲੇਮ ਵਿੱਚ ਯਾਹਵੇਹ ਦੇ ਮੰਦਰ ਵਿੱਚ ਬਲੀਆਂ ਚੜ੍ਹਾਉਣ ਲਈ ਜਾਣ, ਤਾਂ ਉਹ ਆਪਣੇ ਸੁਆਮੀ ਯਹੂਦਾਹ ਦੇ ਰਾਜਾ ਰਹਬੁਆਮ ਨੂੰ ਦੁਬਾਰਾ ਆਪਣੀ ਵਫ਼ਾਦਾਰੀ ਦੇਣਗੇ। ਉਹ ਮੈਨੂੰ ਮਾਰ ਦੇਣਗੇ ਅਤੇ ਯਹੂਦਾਹ ਦੇ ਰਾਜਾ ਰਹਬੁਆਮ ਕੋਲ ਵਾਪਸ ਆ ਜਾਣਗੇ।”