13ਸਾਰਾ ਇਸਰਾਏਲ ਉਹ ਦੇ ਲਈ ਸੋਗ ਕਰੇਗਾ ਅਤੇ ਉਸ ਨੂੰ ਦਫ਼ਨਾਉਣਗੇ। ਸਿਰਫ ਉਹੀ ਯਾਰਾਬੁਆਮ ਦਾ ਹੈ ਜਿਸ ਨੂੰ ਦਫ਼ਨਾਇਆ ਜਾਵੇਗਾ ਕਿਉਂਕਿ ਯਾਰਾਬੁਆਮ ਦੇ ਘਰਾਣੇ ਵਿੱਚ ਸਿਰਫ ਉਹੀ ਵਿਅਕਤੀ ਹੈ ਜਿਸ ਵਿੱਚ ਇਸਰਾਏਲ ਦੇ ਪਰਮੇਸ਼ਵਰ, ਯਾਹਵੇਹ ਨੇ ਕੁਝ ਵੀ ਚੰਗਾ ਪਾਇਆ ਹੈ।
14“ਯਾਹਵੇਹ ਆਪਣੇ ਲਈ ਇਸਰਾਏਲ ਉੱਤੇ ਇੱਕ ਰਾਜਾ ਖੜ੍ਹਾ ਕਰੇਗਾ ਜੋ ਯਾਰਾਬੁਆਮ ਦੇ ਪਰਿਵਾਰ ਨੂੰ ਖ਼ਤਮ ਕਰ ਦੇਵੇਗਾ। ਹੁਣ ਵੀ ਇਹ ਵਾਪਰਨਾ ਸ਼ੁਰੂ ਹੋ ਗਿਆ ਹੈ।
15ਅਤੇ ਯਾਹਵੇਹ ਇਸਰਾਏਲ ਨੂੰ ਅਜਿਹਾ ਮਾਰ ਦੇਵੇਗਾ ਕਿ ਉਹ ਪਾਣੀ ਵਿੱਚ ਹਿੱਲਦੇ ਹੋਏ ਕਾਨੇ ਵਾਂਗ ਹੋਵੇਗਾ। ਉਹ ਇਸਰਾਏਲ ਨੂੰ ਇਸ ਚੰਗੀ ਧਰਤੀ ਤੋਂ ਉਖਾੜ ਸੁੱਟੇਗਾ ਜਿਹੜੀ ਉਸ ਨੇ ਉਹਨਾਂ ਦੇ ਪੁਰਖਿਆਂ ਨੂੰ ਦਿੱਤੀ ਸੀ ਅਤੇ ਉਹਨਾਂ ਨੂੰ ਫ਼ਰਾਤ ਦਰਿਆ ਦੇ ਪਾਰ ਖਿੰਡਾ ਦੇਵੇਗਾ ਕਿਉਂ ਜੋ ਉਹਨਾਂ ਨੇ ਅਸ਼ੇਰਾਹ ਦੇ ਥੰਮ ਬਣਾ ਕੇ ਯਾਹਵੇਹ ਦਾ ਕ੍ਰੋਧ ਭੜਕਾਇਆ ਸੀ
16ਅਤੇ ਉਹ ਇਸਰਾਏਲ ਨੂੰ ਛੱਡ ਦੇਵੇਗਾ ਕਿਉਂਕਿ ਜਿਹੜੇ ਪਾਪ ਯਾਰਾਬੁਆਮ ਨੇ ਕੀਤੇ ਹਨ ਅਤੇ ਇਸਰਾਏਲ ਨੂੰ ਕਰਨ ਲਈ ਉਕਸਾਇਆ ਹੈ।”
17ਤਦ ਯਾਰਾਬੁਆਮ ਦੀ ਪਤਨੀ ਉੱਠ ਕੇ ਤੁਰ ਗਈ ਅਤੇ ਤਿਰਜ਼ਾਹ ਨੂੰ ਚਲੀ ਗਈ। ਜਿਵੇਂ ਹੀ ਉਸਨੇ ਘਰ ਦੀ ਦਹਿਲੀਜ਼ ਉੱਤੇ ਪੈਰ ਰੱਖਿਆ, ਲੜਕੇ ਦੀ ਮੌਤ ਹੋ ਗਈ।