6ਸੋ ਉਹਨਾਂ ਨੇ ਦੇਸ ਦੇ ਵਿੱਚੋਂ ਲੰਘਣ ਲਈ ਉਸ ਨੂੰ ਵੰਡ ਦਿੱਤਾ, ਅਹਾਬ ਇਕੱਲਾ ਇੱਕ ਰਾਹ ਗਿਆ ਅਤੇ ਓਬਦਯਾਹ ਇਕੱਲਾ ਦੂਜੇ ਰਾਹ ਗਿਆ।
7ਜਦੋਂ ਓਬਦਯਾਹ ਰਾਹ ਵਿੱਚ ਸੀ, ਏਲੀਯਾਹ ਉਸ ਨੂੰ ਮਿਲਿਆ। ਓਬਦਯਾਹ ਨੇ ਉਸ ਨੂੰ ਪਛਾਣ ਲਿਆ, ਜ਼ਮੀਨ ਉੱਤੇ ਝੁਕਿਆ ਅਤੇ ਕਿਹਾ, “ਕੀ ਇਹ ਸੱਚਮੁੱਚ ਤੂੰ ਹੀ ਹੈ, ਮੇਰੇ ਮਹਾਰਾਜ ਏਲੀਯਾਹ?”
8ਉਸ ਨੇ ਉੱਤਰ ਦਿੱਤਾ, “ਹਾਂ, ਇਹ ਮੈ ਹੀ ਹਾਂ, ‘ਜਾ ਆਪਣੇ ਮਾਲਕ ਨੂੰ ਆਖ ਕਿ ਏਲੀਯਾਹ ਆਇਆ ਹੈ।’ ”
9ਤਾਂ ਉਸ ਨੇ ਆਖਿਆ, “ਮੈਂ ਕੀ ਪਾਪ ਕੀਤਾ, ਜੋ ਤੂੰ ਆਪਣੇ ਦਾਸ ਨੂੰ ਅਹਾਬ ਦੇ ਹੱਥ ਵਿੱਚ ਦੇਵੇਂ ਕਿ ਉਹ ਮੈਨੂੰ ਮਾਰ ਸੁੱਟੇ?
10ਜੀਉਂਦੇ ਯਾਹਵੇਹ ਤੇਰੇ ਪਰਮੇਸ਼ਵਰ ਦੀ ਸਹੁੰ ਕੋਈ ਕੌਮ ਤੇ ਕੋਈ ਰਾਜ ਨਹੀਂ ਜਿੱਥੇ ਮੇਰੇ ਸੁਆਮੀ ਨੇ ਤੇਰੇ ਭਾਲਣ ਲਈ ਨਹੀਂ ਘੱਲਿਆ ਹੈ। ਜਦ ਉਹਨਾਂ ਨੇ ਆਖਿਆ ਕਿ ਉਹ ਐਥੇ ਨਹੀਂ ਤਦ ਉਸ ਨੇ ਉਸ ਰਾਜ ਤੇ ਕੌਮ ਤੋਂ ਸਹੁੰ ਚੁਕਾਈ ਭਈ ਉਹਨਾਂ ਨੇ ਤੈਨੂੰ ਨਹੀਂ ਲੱਭਿਆ।