1ਤਦ ਸਮੂਏਲ ਨੇ ਜ਼ੈਤੂਨ ਦੇ ਤੇਲ ਦੀ ਇੱਕ ਕੁੱਪੀ ਲੈ ਕੇ ਸ਼ਾਊਲ ਦੇ ਸਿਰ ਉੱਤੇ ਡੋਲ੍ਹ ਦਿੱਤੀ ਅਤੇ ਉਸ ਨੂੰ ਚੁੰਮ ਕੇ ਆਖਿਆ, “ਕੀ ਯਾਹਵੇਹ ਨੇ ਤੈਨੂੰ ਇਸ ਕਰਕੇ ਅਭਿਸ਼ੇਕ ਨਹੀਂ ਕੀਤਾ ਜੋ ਤੂੰ ਉਸਦੀ ਵਿਰਾਸਤ ਦਾ ਅਧਿਕਾਰੀ ਬਣੇ?
2ਅੱਜ ਜਦੋਂ ਤੂੰ ਮੈਨੂੰ ਛੱਡ ਕੇ ਜਾਵੇਂਗਾ ਤਾਂ ਬਿਨਯਾਮੀਨ ਦੀ ਹੱਦ ਉੱਤੇ ਸੇਲਸਾਹ ਵਿੱਚ, ਰਾਖ਼ੇਲ ਦੀ ਕਬਰ ਦੇ ਨੇੜੇ ਤੈਨੂੰ ਦੋ ਮਨੁੱਖ ਮਿਲਣਗੇ। ਉਹ ਤੈਨੂੰ ਆਖਣਗੇ, ‘ਜਿਨ੍ਹਾਂ ਗਧੀਆਂ ਨੂੰ ਤੁਸੀਂ ਲੱਭਣ ਲਈ ਗਏ ਸੀ, ਉਹ ਲੱਭ ਗਈਆਂ ਹਨ। ਹੁਣ ਤੇਰਾ ਪਿਤਾ ਗਧੀਆਂ ਵੱਲੋਂ ਬੇਫਿਕਰ ਹੋ ਕੇ ਤੁਹਾਡੇ ਲਈ ਚਿੰਤਾਂ ਕਰਦਾ ਹੈ। ਉਹ ਪੁੱਛ ਰਿਹਾ ਹੈ, “ਮੈਂ ਆਪਣੇ ਪੁੱਤਰ ਬਾਰੇ ਕੀ ਕਰਾਂ?” ’
3“ਫਿਰ ਤੂੰ ਉੱਥੋਂ ਲੰਘੇਗਾ ਅਤੇ ਤਾਬੋਰ ਦੇ ਬਲੂਤ ਦੇ ਰੁੱਖ ਹੇਠ ਪਹੁੰਚੇਗਾ। ਤਾਂ ਉੱਥੇ ਬੈਤਏਲ ਵਿੱਚ ਪਰਮੇਸ਼ਵਰ ਦੀ ਉਪਾਸਨਾ ਕਰਨ ਲਈ ਜਾ ਰਹੇ ਤਿੰਨ੍ਹ ਮਨੁੱਖ ਉੱਥੇ ਤੁਹਾਨੂੰ ਮਿਲਣਗੇ। ਇੱਕ ਨੇ ਬੱਕਰੀਆਂ ਦੇ ਤਿੰਨ ਬੱਚੇ ਅਤੇ ਦੂਸਰੇ ਨੇ ਤਿੰਨ ਰੋਟੀਆਂ ਅਤੇ ਤੀਸਰੇ ਨੇ ਦਾਖ਼ਰਸ ਦੀ ਮੇਸ਼ੇਕ ਚੁੱਕੀ ਹੋਵੇਗੀ
4ਉਹ ਤੈਨੂੰ ਸ਼ੁਭਕਾਮਨਾਵਾਂ ਦੇਣਗੇ ਅਤੇ ਤੈਨੂੰ ਦੋ ਰੋਟੀਆਂ ਦੇਣਗੇ ਤੂੰ ਉਹਨਾਂ ਕੋਲੋ ਲੈ ਲਵੀ।
5“ਉਸ ਤੋਂ ਬਾਅਦ ਤੂੰ ਪਰਮੇਸ਼ਵਰ ਦੇ ਗਿਬਆਹ ਵਿੱਚ ਜਾਵੇਗਾ, ਜਿੱਥੇ ਇੱਕ ਫ਼ਲਿਸਤੀ ਚੌਕੀ ਹੈ। ਜਦੋਂ ਤੂੰ ਕਸਬੇ ਦੇ ਨੇੜੇ ਪਹੁੰਚੇਗਾ, ਤਾਂ ਅਜਿਹਾ ਹੋਵੇਗਾ ਇੱਕ ਨਬੀਆਂ ਦੀ ਟੋਲੀ ਤੈਨੂੰ ਮਿਲੇਗੀ ਜੋ ਉੱਥੇ ਉੱਚੇ ਸਥਾਨ ਉੱਤਰਦੀ ਹੋਵੇਗੀ ਅਤੇ ਉਹ ਰਬਾਬ, ਖੰਜਰੀ, ਬੰਸਰੀ ਤੇ ਬੀਨ ਆਪਣੇ ਅੱਗੇ ਲਈ ਆਉਂਦੇ ਹੋਣਗੇ ਅਤੇ ਉਹ ਅਗੰਮਵਾਕ ਕਰਦੇ ਹੋਣਗੇ।