2ਪਰ ਅੰਮੋਨੀ ਨਾਹਾਸ਼ ਨੇ ਉੱਤਰ ਦਿੱਤਾ, “ਮੈਂ ਤੁਹਾਡੇ ਨਾਲ ਇਸ ਗੱਲ ਉੱਤੇ ਫੈਸਲਾ ਕਰਾਂਗਾ ਕਿ ਮੈਂ ਤੁਹਾਡੇ ਸਾਰਿਆਂ ਦੀਆਂ ਸੱਜੀਆਂ ਅੱਖਾਂ ਕੱਢ ਸੁੱਟਾਂ ਅਤੇ ਜਿਸ ਨਾਲ ਮੈਂ ਸਾਰੇ ਇਸਰਾਏਲ ਦਾ ਅਪਮਾਨ ਕਰਾਂ।”
3ਯਾਬੇਸ਼ ਦੇ ਬਜ਼ੁਰਗਾਂ ਨੇ ਉਸ ਨੂੰ ਕਿਹਾ, “ਸਾਨੂੰ ਸੱਤ ਦਿਨਾਂ ਤੱਕ ਦਾ ਸਮਾਂ ਦਿਓ ਤਾਂ ਜੋ ਅਸੀਂ ਸਾਰੇ ਇਸਰਾਏਲ ਵਿੱਚ ਸੰਦੇਸ਼ਵਾਹਕ ਭੇਜ ਸਕੀਏ। ਜੇਕਰ ਕੋਈ ਸਾਨੂੰ ਬਚਾਉਣ ਲਈ ਨਹੀਂ ਆਇਆ ਤਾਂ ਅਸੀਂ ਤੁਹਾਡੇ ਅੱਗੇ ਆਤਮ ਸਮਰਪਣ ਕਰ ਦੇਵਾਂਗੇ।”
4ਜਦੋਂ ਸੰਦੇਸ਼ਵਾਹਕ ਸ਼ਾਊਲ ਦੇ ਗਿਬਆਹ ਵਿੱਚ ਆਏ ਅਤੇ ਲੋਕਾਂ ਨੂੰ ਇਹ ਗੱਲਾਂ ਦੱਸੀਆਂ ਤਾਂ ਉਹ ਸਾਰੇ ਉੱਚੀ-ਉੱਚੀ ਰੋਣ ਲੱਗੇ।
5ਤਾਂ ਵੇਖੋਂ, ਸ਼ਾਊਲ ਪੈਲੀ ਵਿੱਚੋਂ ਬਲਦਾਂ ਦੇ ਮਗਰ ਆ ਰਿਹਾ ਸੀ ਅਤੇ ਉਸ ਨੇ ਕਿਹਾ, “ਕੀ ਗੱਲ ਹੋਈ ਜੋ ਲੋਕ ਰੋਂਦੇ ਪਏ ਹਨ?” ਤਦ ਉਨ੍ਹਾਂ ਨੇ ਯਾਬੇਸ਼ ਦੇ ਲੋਕਾਂ ਦਾ ਸੁਨੇਹਾ ਆਖ ਸੁਣਾਇਆ।
6ਜਦੋਂ ਸ਼ਾਊਲ ਨੇ ਉਹਨਾਂ ਦੀਆਂ ਗੱਲਾਂ ਸੁਣੀਆਂ ਤਾਂ ਪਰਮੇਸ਼ਵਰ ਦਾ ਆਤਮਾ ਜ਼ੋਰ ਨਾਲ ਉਸ ਉੱਤੇ ਆਇਆ ਅਤੇ ਉਹ ਕ੍ਰੋਧ ਨਾਲ ਭੜਕ ਉੱਠਿਆ।