45ਪਰ ਮਨੁੱਖਾਂ ਨੇ ਸ਼ਾਊਲ ਨੂੰ ਆਖਿਆ, “ਕੀ ਯੋਨਾਥਾਨ ਨੂੰ ਮਰ ਜਾਣਾ ਚਾਹੀਦਾ ਹੈ ਜਿਸ ਨੇ ਇਸਰਾਏਲ ਵਿੱਚ ਇਹ ਵੱਡਾ ਛੁਟਕਾਰਾ ਕੀਤਾ ਹੈ? ਕਦੇ ਨਹੀਂ! ਜਿਉਂਦੇ ਜੀਅ ਯਾਹਵੇਹ ਦੀ ਸਹੁੰ, ਉਸਦੇ ਸਿਰ ਦਾ ਇੱਕ ਵਾਲ ਵੀ ਜ਼ਮੀਨ ਤੇ ਨਹੀਂ ਡਿੱਗੇਗਾ, ਕਿਉਂਕਿ ਉਸਨੇ ਅੱਜ ਇਹ ਪਰਮੇਸ਼ਵਰ ਦੀ ਸਹਾਇਤਾ ਨਾਲ ਕੀਤਾ ਹੈ।” ਇਸ ਲਈ ਆਦਮੀਆਂ ਨੇ ਯੋਨਾਥਾਨ ਨੂੰ ਛੁਡਾਇਆ ਅਤੇ ਉਹ ਮਾਰਿਆ ਨਾ ਗਿਆ।
46ਤਦ ਸ਼ਾਊਲ ਨੇ ਫ਼ਲਿਸਤੀਆਂ ਦਾ ਪਿੱਛਾ ਕਰਨਾ ਛੱਡ ਦਿੱਤਾ ਅਤੇ ਉਹ ਆਪਣੇ ਦੇਸ਼ ਨੂੰ ਮੁੜ ਗਏ।
47ਸੋ ਸ਼ਾਊਲ ਨੇ ਇਸਰਾਏਲ ਦੇ ਉੱਤੇ ਰਾਜ ਕੀਤਾ ਅਤੇ ਆਪਣੇ ਵੈਰੀਆਂ ਨਾਲ ਚੁਫ਼ੇਰਿਓਂ ਮੋਆਬ ਦੇ ਅਤੇ ਅੰਮੋਨੀਆਂ ਦੇ ਨਾਲ ਅਤੇ ਅਦੋਮ ਦੇ ਅਤੇ ਜ਼ੋਬਾਹ ਦੇ ਰਾਜਿਆਂ ਨਾਲ ਅਤੇ ਫ਼ਲਿਸਤੀਆਂ ਨਾਲ ਲੜਾਈ ਕੀਤੀ ਅਤੇ ਜਿਸ ਪਾਸੇ ਉਹ ਮੂੰਹ ਕਰਦਾ ਸੀ ਉਸੇ ਪਾਸੇ ਉਹ ਉਹਨਾਂ ਨੂੰ ਦੁੱਖ ਦਿੰਦਾ ਸੀ।
48ਉਹ ਬਹਾਦਰੀ ਨਾਲ ਲੜਿਆ ਅਤੇ ਅਮਾਲੇਕੀਆਂ ਨੂੰ ਹਰਾਇਆ ਅਤੇ ਇਸਰਾਏਲ ਨੂੰ ਉਹਨਾਂ ਦੇ ਹੱਥੋਂ ਛੁਡਾਇਆ ਜਿਨ੍ਹਾਂ ਨੇ ਉਹਨਾਂ ਨੂੰ ਲੁੱਟਿਆ ਸੀ।
49ਸ਼ਾਊਲ ਦੇ ਪੁੱਤਰ ਯੋਨਾਥਾਨ, ਯਿਸ਼ਵੀ ਅਤੇ ਮਲਕੀ-ਸ਼ੂਆ ਸਨ। ਉਸਦੀ ਵੱਡੀ ਧੀ ਦਾ ਨਾਮ ਮੇਰਬ ਸੀ ਅਤੇ ਛੋਟੀ ਦਾ ਮੀਕਲ ਸੀ।