23ਕਿਉਂਕਿ ਬਗਾਵਤ ਭਵਿੱਖਬਾਣੀ ਦੇ ਪਾਪ ਵਰਗੀ ਹੈ, ਅਤੇ ਹੰਕਾਰ ਮੂਰਤੀ ਪੂਜਾ ਦੀ ਬੁਰਾਈ ਵਰਗਾ ਹੈ। ਕਿਉਂਕਿ ਤੂੰ ਯਾਹਵੇਹ ਦੇ ਬਚਨ ਨੂੰ ਰੱਦ ਕੀਤਾ ਹੈ, ਉਸੇ ਤਰ੍ਹਾਂ ਹੀ ਉਸਨੇ ਤੈਨੂੰ ਰਾਜਾ ਹੋਣ ਤੋਂ ਰੱਦ ਕਰ ਦਿੱਤਾ ਹੈ।”
24ਤਦ ਸ਼ਾਊਲ ਨੇ ਸਮੂਏਲ ਨੂੰ ਆਖਿਆ, “ਮੈਂ ਪਾਪ ਕੀਤਾ ਹੈ। ਮੈਂ ਯਾਹਵੇਹ ਦੇ ਹੁਕਮ ਅਤੇ ਤੇਰੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਹੈ। ਮੈਂ ਲੋਕਾਂ ਤੋਂ ਡਰਿਆ ਅਤੇ ਉਹਨਾਂ ਦੀ ਗੱਲ ਸੁਣੀ।
25ਹੁਣ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ, ਮੇਰੇ ਪਾਪ ਨੂੰ ਮਾਫ਼ ਕਰੋ ਅਤੇ ਮੇਰੇ ਨਾਲ ਵਾਪਸ ਆਓ, ਤਾਂ ਜੋ ਮੈਂ ਯਾਹਵੇਹ ਦੀ ਉਪਾਸਨਾ ਕਰਾਂ।”
26ਪਰ ਸਮੂਏਲ ਨੇ ਸ਼ਾਊਲ ਨੂੰ ਆਖਿਆ, “ਮੈਂ ਤੇਰੇ ਨਾਲ ਵਾਪਸ ਨਹੀਂ ਜਾਵਾਂਗਾ। ਤੂੰ ਯਾਹਵੇਹ ਦੇ ਬਚਨ ਨੂੰ ਰੱਦ ਕਰ ਦਿੱਤਾ ਹੈ, ਅਤੇ ਯਾਹਵੇਹ ਨੇ ਤੈਨੂੰ ਇਸਰਾਏਲ ਦੇ ਰਾਜੇ ਹੋਣ ਤੋਂ ਰੱਦ ਕਰ ਦਿੱਤਾ ਹੈ!”
27ਜਦੋਂ ਸਮੂਏਲ ਉੱਥੋਂ ਜਾਣ ਨੂੰ ਮੁੜਿਆ ਤਾਂ ਸ਼ਾਊਲ ਨੇ ਉਸਦੇ ਚੋਲੇ ਦਾ ਪੱਲਾ ਫੜ ਲਿਆ ਅਤੇ ਉਹ ਪਾਟ ਗਿਆ।