6ਜਦੋਂ ਦਾਵੀਦ ਦੁਆਰਾ ਫ਼ਲਿਸਤੀਆਂ ਨੂੰ ਮਾਰ ਕੇ ਆਦਮੀ ਘਰ ਨੂੰ ਪਰਤ ਰਹੇ ਸਨ, ਤਾਂ ਔਰਤਾਂ ਇਸਰਾਏਲ ਦੇ ਸਾਰੇ ਨਗਰਾਂ ਵਿੱਚੋਂ ਸ਼ਾਊਲ ਰਾਜਾ ਨੂੰ ਮਿਲਣ ਲਈ ਗਾਉਂਦੀਆਂ ਅਤੇ ਨੱਚਦੀਆਂ, ਖੁਸ਼ੀ ਦੇ ਗੀਤਾਂ ਉੱਤੇ ਤਾਰਾਂ ਅਤੇ ਬਰਬਤ ਵਜਾਉਂਦੀਆਂ ਆਈਆਂ।
7ਜਦੋਂ ਉਹ ਨੱਚ ਰਹੇ ਸਨ, ਉਹਨਾਂ ਨੇ ਗਾਇਆ: “ਸ਼ਾਊਲ ਨੇ ਆਪਣੇ ਹਜ਼ਾਰਾਂ, ਅਤੇ ਦਾਵੀਦ ਨੇ ਲੱਖਾਂ ਨੂੰ ਮਾਰਿਆ।”
8ਤਦ ਸ਼ਾਊਲ ਨੂੰ ਬਹੁਤ ਕ੍ਰੋਧ ਆਇਆ ਅਤੇ ਇਹ ਗੱਲ ਉਸ ਨੂੰ ਬੁਰੀ ਲੱਗੀ ਅਤੇ ਉਹ ਬੋਲਿਆ, “ਉਹਨਾਂ ਨੇ ਮੇਰੇ ਲਈ ਹਜ਼ਾਰਾਂ ਅਤੇ ਦਾਵੀਦ ਲਈ ਲੱਖਾਂ ਠਹਿਰਾਏ! ਬਸ, ਹੁਣ ਰਾਜ ਤੋਂ ਬਿਨ੍ਹਾਂ ਹੋਰ ਉਸ ਨੂੰ ਕੀ ਮਿਲਣਾ ਬਾਕੀ ਹੈ।”
9ਅਤੇ ਉਸ ਸਮੇਂ ਤੋਂ ਸ਼ਾਊਲ ਨੇ ਦਾਵੀਦ ਉੱਤੇ ਨਿਗਾਹ ਰੱਖੀ।
10ਅਗਲੇ ਦਿਨ ਪਰਮੇਸ਼ਵਰ ਵੱਲੋਂ ਇੱਕ ਦੁਸ਼ਟ ਆਤਮਾ ਸ਼ਾਊਲ ਉੱਤੇ ਜ਼ੋਰ ਨਾਲ ਆਇਆ। ਉਹ ਆਪਣੇ ਘਰ ਵਿੱਚ ਅਗੰਮਵਾਕ ਕਰਨ ਲੱਗ ਪਿਆ, ਅਤੇ ਦਾਵੀਦ ਨੇ ਉਸਦੇ ਸਾਹਮਣੇ ਪਹਿਲਾ ਵਾਂਗੂੰ ਵਜਾਇਆ, ਜਿਵੇਂ ਉਹ ਆਮ ਤੌਰ ਤੇ ਕਰਦਾ ਸੀ। ਉਸ ਵੇਲੇ ਸ਼ਾਊਲ ਦੇ ਹੱਥ ਵਿੱਚ ਬਰਛੀ ਸੀ।