6(ਹੁਣ ਅਹੀਮਲੇਕ ਦਾ ਪੁੱਤਰ ਅਬੀਯਾਥਰ ਏਫ਼ੋਦ ਆਪਣੇ ਨਾਲ ਲਿਆਇਆ ਸੀ ਜਦੋਂ ਉਹ ਕੇਲਾਹ ਵਿੱਚ ਭੱਜ ਕੇ ਦਾਵੀਦ ਕੋਲ ਆਇਆ ਸੀ।)
7ਸ਼ਾਊਲ ਨੂੰ ਦੱਸਿਆ ਗਿਆ ਕਿ ਦਾਵੀਦ ਕੇਲਾਹ ਨੂੰ ਗਿਆ ਹੈ ਅਤੇ ਉਸ ਨੇ ਕਿਹਾ, “ਪਰਮੇਸ਼ਵਰ ਨੇ ਉਸਨੂੰ ਮੇਰੇ ਹੱਥਾਂ ਵਿੱਚ ਸੌਂਪ ਦਿੱਤਾ ਹੈ, ਕਿਉਂਕਿ ਉਹ ਅਜਿਹੇ ਸ਼ਹਿਰ ਵਿੱਚ ਹੈ ਜਿਸਦੇ ਬੂਹੇ ਅਤੇ ਚਾਰ ਦੀਵਾਰੀ ਉੱਚੀ ਹੈ ਉਹ ਉਸ ਵਿੱਚ ਦਾਖਲ ਹੋ ਕੇ ਫਸ ਗਿਆ ਹੈ।”
8ਅਤੇ ਸ਼ਾਊਲ ਨੇ ਆਪਣੀਆਂ ਸਾਰੀਆਂ ਫ਼ੌਜਾਂ ਨੂੰ ਲੜਾਈ ਲਈ ਬੁਲਾਇਆ ਤਾਂ ਜੋ ਉਹ ਦਾਵੀਦ ਅਤੇ ਉਸ ਦੇ ਬੰਦਿਆਂ ਨੂੰ ਘੇਰਨ ਲਈ ਕੇਲਾਹ ਨੂੰ ਜਾਣ।
9ਜਦੋਂ ਦਾਵੀਦ ਨੂੰ ਪਤਾ ਲੱਗਾ ਕਿ ਸ਼ਾਊਲ ਉਸ ਦੇ ਵਿਰੁੱਧ ਸਾਜ਼ਿਸ਼ ਬਣਾ ਰਿਹਾ ਹੈ ਤਾਂ ਉਸ ਨੇ ਅਬੀਯਾਥਰ ਜਾਜਕ ਨੂੰ ਕਿਹਾ, “ਏਫ਼ੋਦ ਲਿਆਓ।”
10ਦਾਵੀਦ ਨੇ ਆਖਿਆ, “ਹੇ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ, ਤੇਰੇ ਦਾਸ ਨੇ ਨਿਸ਼ਚਿਤ ਤੌਰ ਤੇ ਸੁਣਿਆ ਹੈ ਕਿ ਸ਼ਾਊਲ ਕੇਲਾਹ ਵਿੱਚ ਆਉਣ ਅਤੇ ਮੇਰੇ ਕਾਰਨ ਨਗਰ ਨੂੰ ਤਬਾਹ ਕਰਨ ਦੀ ਯੋਜਨਾ ਬਣਾ ਰਿਹਾ ਹੈ।