6ਪਰ ਨੌਕਰ ਨੇ ਉੱਤਰ ਦਿੱਤਾ, “ਵੇਖੋ, ਇਸ ਨਗਰ ਵਿੱਚ ਇੱਕ ਪਰਮੇਸ਼ਵਰ ਦਾ ਮਨੁੱਖ ਹੈ। ਉਹ ਬਹੁਤ ਸਤਿਕਾਰਯੋਗ ਹੈ, ਅਤੇ ਉਹ ਜੋ ਵੀ ਕਹਿੰਦਾ ਹੈ ਉਹ ਸੱਚ ਹੁੰਦਾ ਹੈ। ਚਲੋ, ਹੁਣ ਉੱਥੇ ਚੱਲੀਏ। ਸ਼ਾਇਦ ਉਹ ਸਾਨੂੰ ਦੱਸੇਗਾ, ਸਾਨੂੰ ਕੀ ਕਰਨਾ ਚਾਹੀਦਾ ਹੈ।”
7ਸ਼ਾਊਲ ਨੇ ਆਪਣੇ ਸੇਵਕ ਨੂੰ ਕਿਹਾ, “ਜੇ ਅਸੀਂ ਚੱਲੀਏ, ਤਾਂ ਅਸੀਂ ਉਸ ਲਈ ਕੀ ਲੈ ਕੇ ਜਾਈਏ? ਸਾਡਿਆ ਭਾਂਡਿਆਂ ਵਿੱਚ ਰੋਟੀ ਵੀ ਖਤਮ ਹੋ ਗਈ ਹੈ। ਸਾਡੇ ਕੋਲ ਪਰਮੇਸ਼ਵਰ ਦੇ ਬੰਦੇ ਨੂੰ ਦੇਣ ਲਈ ਕੋਈ ਤੋਹਫ਼ਾ ਨਹੀਂ ਹੈ। ਸਾਡੇ ਕੋਲ ਕੀ ਹੈ?”
8ਨੌਕਰ ਨੇ ਸ਼ਾਊਲ ਨੂੰ ਫੇਰ ਉੱਤਰ ਦਿੱਤਾ। “ਦੇਖੋ,” ਉਸਨੇ ਕਿਹਾ, “ਮੇਰੇ ਕੋਲ ਚਾਂਦੀ ਦਾ ਇੱਕ ਚੌਥਾਈ ਸ਼ੈਕੇਲ ਹੈ। ਮੈਂ ਇਹ ਪਰਮੇਸ਼ਵਰ ਦੇ ਬੰਦੇ ਨੂੰ ਦੇ ਦਿਆਂਗਾ ਤਾਂ ਜੋ ਉਹ ਸਾਨੂੰ ਦੱਸੇ ਕਿ ਸਾਨੂੰ ਕਿਹੜਾ ਰਾਹ ਲੈਣਾ ਚਾਹੀਦਾ ਹੈ।”
9(ਪਹਿਲਾਂ ਇਸਰਾਏਲ ਵਿੱਚ, ਜੇ ਕੋਈ ਪਰਮੇਸ਼ਵਰ ਤੋਂ ਪੁੱਛਣ ਜਾਂਦਾ ਸੀ, ਤਾਂ ਉਹ ਆਖਦੇ ਸਨ, “ਆਓ, ਅਸੀਂ ਦਰਸ਼ੀ ਕੋਲ ਚੱਲੀਏ,” ਕਿਉਂਕਿ ਅੱਜ ਦੇ ਨਬੀ ਨੂੰ ਪਹਿਲਾਂ ਦਰਸ਼ੀ ਕਿਹਾ ਜਾਂਦਾ ਸੀ।)
10ਸ਼ਾਊਲ ਨੇ ਆਪਣੇ ਸੇਵਕ ਨੂੰ ਕਿਹਾ, “ਚੰਗੀ ਗੱਲ ਹੈ। ਆਉ, ਅਸੀਂ ਚੱਲੀਏ।” ਇਸ ਲਈ ਉਹ ਉਸ ਨਗਰ ਵੱਲ ਤੁਰ ਪਏ ਜਿੱਥੇ ਪਰਮੇਸ਼ਵਰ ਦਾ ਬੰਦਾ ਸੀ।