16ਯੇਹੂ ਨੇ ਉਹ ਨੂੰ ਆਖਿਆ, ਹੁਣ ਮੇਰੇ ਨਾਲ ਚੱਲ ਅਤੇ ਯਾਹਵੇਹ ਲਈ ਮੇਰਾ ਜੋਸ਼ ਵੇਖ। ਇਸ ਤਰ੍ਹਾਂ ਉਹ ਯੋਨਾਦਾਬ ਨੂੰ ਆਪਣੇ ਨਾਲ ਰੱਥ ਵਿੱਚ ਲੈ ਗਿਆ।
17ਜਦੋਂ ਉਹ ਸਾਮਰਿਯਾ ਵਿੱਚ ਪਹੁੰਚਿਆ ਤਾਂ ਉਸ ਨੇ ਸਾਮਰਿਯਾ ਵਿੱਚ ਅਹਾਬ ਦੇ ਬਾਕੀ ਰਹਿੰਦੇ ਸਾਰੇ ਰਿਸ਼ਤੇਦਾਰਾਂ ਨੂੰ ਮਾਰ ਦਿੱਤਾ। ਉਹ ਉਦੋਂ ਤੱਕ ਮਾਰਦਾ ਰਿਹਾ ਜਦੋਂ ਤੱਕ ਉਹਨਾਂ ਵਿੱਚੋਂ ਇੱਕ ਵੀ ਨਾ ਬਚਿਆ। ਇਹ ਯਾਹਵੇਹ ਦੇ ਹੁਕਮ ਦੇ ਅਨੁਸਾਰ ਜੋ ਉਸ ਨੇ ਏਲੀਯਾਹ ਦੁਆਰਾ ਬੋਲੇ ਸੀ।
18ਤਦ ਯੇਹੂ ਨੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਉਹਨਾਂ ਨੂੰ ਕਿਹਾ, “ਅਹਾਬ ਨੇ ਬਆਲ ਦੀ ਥੋੜੀ ਸੇਵਾ ਕੀਤੀ, ਯੇਹੂ ਉਸਦੀ ਜ਼ਿਆਦਾ ਸੇਵਾ ਕਰੇਗਾ।
19ਇਸ ਲਈ ਹੁਣ ਤੁਸੀਂ ਬਆਲ ਦੇ ਸਾਰੇ ਨਬੀਆਂ, ਸਾਰਿਆਂ ਉਪਾਸਕਾਂ ਅਤੇ ਸਾਰਿਆਂ ਪੁਜਾਰੀਆਂ ਨੂੰ ਮੇਰੇ ਕੋਲ ਬੁਲਾ ਲਿਆਓ। ਕੋਈ ਵੀ ਰਹਿ ਨਾ ਜਾਵੇ ਕਿਉਂ ਜੋ ਬਆਲ ਦੇ ਲਈ ਮੈਂ ਇੱਕ ਵੱਡੀ ਭੇਟ ਚੜ੍ਹਾਉਣੀ ਹੈ ਜੇ ਕੋਈ ਨਾ ਆਵੇ ਤਾਂ ਉਹ ਜੀਉਂਦਾ ਨਾ ਬਚੇਗਾ।” ਪਰ ਯੇਹੂ ਨੇ ਬਆਲ ਦੇ ਉਪਾਸਕਾਂ ਦਾ ਨਾਸ ਕਰਨ ਲਈ ਇਹ ਧੋਖਾ ਕੀਤਾ ਸੀ।
20ਤਦ ਯੇਹੂ ਨੇ ਹੁਕਮ ਘੱਲਿਆ, “ਬਆਲ ਲਈ ਇੱਕ ਪਵਿੱਤਰ ਤਿਉਹਾਰ ਮਨਾਉ!” ਹਰ ਪਾਸੇ ਐਲਾਨ ਕੀਤਾ ਗਿਆ।