25ਇਸ ਲਈ ਉਹ ਚਲੀ ਗਈ ਅਤੇ ਕਰਮਲ ਪਹਾੜ ਉੱਤੇ ਪਰਮੇਸ਼ਵਰ ਦੇ ਜਨ ਕੋਲ ਆਈ। ਜਦੋਂ ਪਰਮੇਸ਼ਵਰ ਦੇ ਜਨ ਨੇ ਉਸ ਔਰਤ ਨੂੰ ਦੂਰੋਂ ਦੇਖਿਆ, ਤਾਂ ਪਰਮੇਸ਼ਵਰ ਦੇ ਜਨ ਨੇ ਆਪਣੇ ਸੇਵਕ ਗੇਹਜ਼ੀ ਨੂੰ ਕਿਹਾ, “ਵੇਖ! ਉਹ ਸ਼ੂਨੰਮੀ ਔਰਤ ਹੈ!
26ਤੂੰ ਹੁਣ ਦੌੜ ਕੇ ਉਸਨੂੰ ਮਿਲ ਅਤੇ ‘ਉਸਨੂੰ ਪੁੱਛ ਕਿ ਸਭ ਕੁਝ ਸੁੱਖ-ਸਾਂਦ ਹੈ? ਕੀ ਤੇਰਾ ਪਤੀ ਠੀਕ ਹੈ? ਕੀ ਤੇਰਾ ਬੱਚਾ ਠੀਕ ਹੈ?’ ” ਉਸਨੇ ਕਿਹਾ, “ਸਭ ਕੁਝ ਸੁੱਖ-ਸਾਂਦ ਹੈ।”
27ਜਦੋਂ ਉਹ ਪਹਾੜ ਉੱਤੇ ਪਰਮੇਸ਼ਵਰ ਦੇ ਜਨ ਕੋਲ ਪਹੁੰਚੀ, ਉਸ ਔਰਤ ਨੇ ਉਸਦੇ ਪੈਰ ਫੜ ਲਏ। ਗੇਹਜ਼ੀ ਉਸ ਨੂੰ ਦੂਰ ਹਟਾਉਂਣ ਲਈ ਨੇੜੇ ਆਇਆ, ਪਰ ਪਰਮੇਸ਼ਵਰ ਦੇ ਜਨ ਨੇ ਆਖਿਆ, “ਉਸ ਨੂੰ ਇਕੱਲਾ ਛੱਡ ਦਿਓ! ਕਿਉਂਕਿ ਉਹ ਕੌੜੀ ਮੁਸੀਬਤ ਵਿੱਚ ਹੈ, ਪਰ ਯਾਹਵੇਹ ਨੇ ਇਸ ਨੂੰ ਮੇਰੇ ਤੋਂ ਲੁਕਾਇਆ ਹੈ ਅਤੇ ਮੈਨੂੰ ਕਿਉਂ ਨਹੀਂ ਦੱਸਿਆ ਹੈ।”
28ਤਦ ਉਹ ਬੋਲੀ “ਕੀ ਮੈਂ ਆਪਣੇ ਸੁਆਮੀ ਕੋਲੋਂ ਪੁੱਤਰ ਮੰਗਿਆ ਸੀ? ਕੀ ਮੈਂ ਤੁਹਾਨੂੰ ਨਹੀਂ ਕਿਹਾ ਸੀ, ‘ਮੇਰੀਆਂ ਉਮੀਦਾਂ ਨਾ ਵਧਾਓ’?”
29ਅਲੀਸ਼ਾ ਨੇ ਗੇਹਜ਼ੀ ਨੂੰ ਆਖਿਆ, “ਆਪਣਾ ਲੱਕ ਬੰਨ੍ਹ ਅਤੇ ਮੇਰੀ ਲਾਠੀ ਆਪਣੇ ਹੱਥ ਵਿੱਚ ਲੈ ਕੇ ਆਪਣਾ ਰਾਹ ਫੜ। ਜੇ ਕੋਈ ਆਦਮੀ ਤੈਨੂੰ ਮਿਲੇ ਤਾਂ ਉਸ ਨੂੰ ਨਮਸਕਾਰ ਨਾ ਕਰੀ ਅਤੇ ਜੇ ਕੋਈ ਤੈਨੂੰ ਨਮਸਕਾਰ ਕਰੇ, ਤਾਂ ਜਵਾਬ ਨਾ ਦੇਵੀਂ। ਮੇਰੀ ਲਾਠੀ ਮੁੰਡੇ ਦੇ ਮੂੰਹ ਤੇ ਰੱਖ ਦੇਵੀਂ।”