26‘ਕੱਲ੍ਹ ਮੈਂ ਨਾਬੋਥ ਦਾ ਲਹੂ ਅਤੇ ਉਸ ਦੇ ਪੁੱਤਰਾਂ ਦਾ ਲਹੂ ਦੇਖਿਆ, ਯਾਹਵੇਹ ਦਾ ਵਾਕ ਹੈ, ਅਤੇ ਮੈਂ ਤੁਹਾਨੂੰ ਇਸ ਜ਼ਮੀਨ ਤੇ ਇਸਦੀ ਕੀਮਤ ਜ਼ਰੂਰ ਦਿਆਂਗਾ, ਯਾਹਵੇਹ ਦਾ ਵਾਕ ਹੈ।’ ਹੁਣ, ਉਸ ਨੂੰ ਚੁੱਕੋ ਅਤੇ ਯਾਹਵੇਹ ਦੇ ਬਚਨ ਦੇ ਅਨੁਸਾਰ, ਉਸ ਥਾਂ ਤੇ ਸੁੱਟ ਦਿਓ।”
27ਜਦੋਂ ਯਹੂਦਾਹ ਦੇ ਰਾਜੇ ਅਹਜ਼ਯਾਹ ਨੇ ਦੇਖਿਆ ਕਿ ਇਹ ਵਾਪਰਿਆ ਹੈ, ਤਾਂ ਉਹ ਬੈਤ ਹਗਨ ਦੇ ਰਸਤੇ ਨੂੰ ਭੱਜ ਗਿਆ। ਯੇਹੂ ਨੇ ਉਸ ਦਾ ਪਿੱਛਾ ਕੀਤਾ ਅਤੇ ਉੱਚੀ ਆਵਾਜ਼ ਵਿੱਚ ਕਿਹਾ, “ਉਸ ਨੂੰ ਵੀ ਮਾਰ ਦਿਓ!” ਉਹਨਾਂ ਨੇ ਉਸਨੂੰ ਯਿਬਲਾਮ ਦੇ ਨੇੜੇ ਗੁਰ ਦੇ ਰਸਤੇ ਵਿੱਚ ਉਸਦੇ ਰੱਥ ਵਿੱਚ ਜ਼ਖਮੀ ਕਰ ਦਿੱਤਾ, ਪਰ ਉਹ ਮਗਿੱਦੋ ਨੂੰ ਭੱਜ ਗਿਆ ਅਤੇ ਉੱਥੇ ਮਰ ਗਿਆ।
28ਉਹ ਦੇ ਸੇਵਕ ਉਸ ਨੂੰ ਰੱਥ ਉੱਤੇ ਚੜ੍ਹਾ ਕੇ ਯੇਰੂਸ਼ਲੇਮ ਵਿੱਚ ਲੈ ਗਏ ਅਤੇ ਦਾਵੀਦ ਦੇ ਸ਼ਹਿਰ ਵਿੱਚ ਉਸ ਦੀ ਕਬਰ ਵਿੱਚ ਉਸ ਦੇ ਪੁਰਖਿਆਂ ਦੇ ਨਾਲ ਦੱਬ ਦਿੱਤਾ।
29(ਅਹਾਬ ਦੇ ਪੁੱਤਰ ਯੋਰਾਮ ਦੇ ਗਿਆਰਵੇਂ ਸਾਲ ਵਿੱਚ, ਅਹਜ਼ਯਾਹ ਯਹੂਦਾਹ ਦਾ ਪਾਤਸ਼ਾਹ ਬਣਿਆ ਸੀ।)
30ਫਿਰ ਯੇਹੂ ਯਿਜ਼ਰਏਲ ਨੂੰ ਗਿਆ। ਜਦੋਂ ਈਜ਼ੇਬੇਲ ਨੇ ਇਸ ਬਾਰੇ ਸੁਣਿਆ, ਤਾਂ ਉਸਨੇ ਆਪਣੀਆਂ ਅੱਖਾਂ ਵਿੱਚ ਸੁਰਮਾ ਪਾਇਆ, ਆਪਣੇ ਵਾਲਾਂ ਦੀ ਸਜਾਵਟ ਕੀਤੀ ਅਤੇ ਖਿੜਕੀ ਤੋਂ ਬਾਹਰ ਦੇਖਿਆ।