28ਅਬਸ਼ਾਲੋਮ ਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ, “ਸੁਣੋ! ਜਦੋਂ ਅਮਨੋਨ ਦਾਖ਼ਰਸ ਪੀਣ ਤੋਂ ਬਾਅਦ ਮਤਵਾਲਾ ਹੋ ਜਾਵੇ ਅਤੇ ਜਦੋਂ ਮੈਂ ਤੁਹਾਨੂੰ ਆਖਾਂ, ‘ਅਮਨੋਨ ਨੂੰ ਮਾਰੋ,’ ਤਾਂ ਉਸਨੂੰ ਮਾਰ ਸੁੱਟਣਾ। ਬਿਲਕੁਲ ਨਾ ਡਰਿਓ! ਮੈਂ ਆਪ ਤੁਹਾਨੂੰ ਇਹ ਹੁਕਮ ਦਿੱਤਾ ਹੈ ਸੋ ਤਕੜੇ ਹੋਵੋ, ਹੱਥ ਮਜ਼ਬੂਤ ਕਰੋ।”
29ਇਸ ਲਈ ਅਬਸ਼ਾਲੋਮ ਦੇ ਬੰਦਿਆਂ ਨੇ ਅਮਨੋਨ ਨਾਲ ਉਹੀ ਕੀਤਾ ਜੋ ਅਬਸ਼ਾਲੋਮ ਨੇ ਹੁਕਮ ਦਿੱਤਾ ਸੀ। ਤਦ ਸਾਰੇ ਰਾਜੇ ਦੇ ਪੁੱਤਰ ਉੱਠੇ, ਖੱਚਰਾਂ ਉੱਤੇ ਚੜ੍ਹ ਕੇ ਭੱਜ ਗਏ।
30ਜਦੋਂ ਉਹ ਜਾ ਰਹੇ ਸਨ ਤਾਂ ਦਾਵੀਦ ਨੂੰ ਖ਼ਬਰ ਆਈ: “ਅਬਸ਼ਾਲੋਮ ਨੇ ਸਾਰੇ ਰਾਜੇ ਪੁੱਤਰਾਂ ਨੂੰ ਮਾਰ ਦਿੱਤਾ ਹੈ; ਉਨ੍ਹਾਂ ਵਿੱਚੋਂ ਇੱਕ ਵੀ ਨਹੀਂ ਬਚਿਆ ਹੈ।”
31ਰਾਜਾ ਖੜ੍ਹਾ ਹੋਇਆ, ਆਪਣੇ ਕੱਪੜੇ ਪਾੜੇ ਅਤੇ ਜ਼ਮੀਨ ਤੇ ਲੇਟ ਗਿਆ; ਅਤੇ ਉਸਦੇ ਸਾਰੇ ਸੇਵਾਦਾਰ ਆਪਣੇ ਕੱਪੜੇ ਪਾੜ ਕੇ ਉਸ ਨਾਲ ਖੱੜ੍ਹੇ ਹੋ ਗਏ।
32ਪਰ ਦਾਵੀਦ ਦੇ ਭਰਾ ਸ਼ਿਮੇਆਹ ਦੇ ਪੁੱਤਰ ਯੋਨਾਦਾਬ ਨੇ ਭਰੋਸਾ ਦਿੱਤਾ, “ਮੇਰੇ ਮਹਾਰਾਜ, ਵਿਸ਼ਵਾਸ ਨਾ ਕਰੋ ਕਿ ਉਨ੍ਹਾਂ ਨੇ ਸਾਰੇ ਜਵਾਨ ਸਰਦਾਰਾਂ ਨੂੰ ਮਾਰ ਦਿੱਤਾ ਹੈ। ਸਿਰਫ ਅਮਨੋਨ ਮਾਰਿਆ ਗਿਆ ਹੈ। ਇਹ ਫ਼ੈਸਲਾ ਅਬਸ਼ਾਲੋਮ ਨੇ ਉਸੇ ਦਿਨ ਕੀਤਾ ਸੀ ਜਦੋਂ ਅਮਨੋਨ ਨੇ ਆਪਣੀ ਭੈਣ ਤਾਮਾਰ ਨਾਲ ਬਲਾਤਕਾਰ ਕੀਤਾ ਸੀ।