11ਉਸ ਔਰਤ ਨੇ ਕਿਹਾ, “ਹੇ ਪਾਤਸ਼ਾਹ, ਆਪਣੇ ਯਾਹਵੇਹ ਪਰਮੇਸ਼ਵਰ ਤੋਂ ਪ੍ਰਾਰਥਨਾ ਕਰੋ ਅਤੇ ਖੂਨ ਦਾ ਬਦਲਾ ਲੈਣ ਵਾਲੇ ਨੂੰ ਰੋਕ ਦਿਓ, ਤਾਂ ਅਜਿਹਾ ਨਾ ਹੋਵੇ ਜੋ ਮੇਰੇ ਪੁੱਤਰ ਨੂੰ ਮਾਰ ਦੇਣ।” ਰਾਜੇ ਨੇ ਕਿਹਾ, “ਜਿਉਂਦੇ ਪਰਮੇਸ਼ਵਰ ਦੀ ਸਹੁੰ, ਤੇਰੇ ਪੁੱਤਰ ਦੇ ਸਿਰ ਦਾ ਇੱਕ ਵਾਲ ਵੀ ਜ਼ਮੀਨ ਉੱਤੇ ਨਹੀਂ ਡਿੱਗੇਗਾ।”
12ਤਦ ਉਸ ਔਰਤ ਨੇ ਆਖਿਆ, “ਮੇਰੇ ਮਹਾਰਾਜ ਪਾਤਸ਼ਾਹ ਆਪਣੀ ਦਾਸੀ ਨੂੰ ਆਗਿਆ ਦੇ ਤਾਂ ਜੋ ਇੱਕ ਗੱਲ ਹੋਰ ਬੋਲਾ।” ਉਸਨੇ ਜਵਾਬ ਦਿੱਤਾ, “ਬੋਲੋ।”
13ਉਸ ਔਰਤ ਨੇ ਕਿਹਾ, “ਤੂੰ ਪਰਮੇਸ਼ਵਰ ਦੇ ਲੋਕਾਂ ਦੇ ਵਿਰੁੱਧ ਅਜਿਹੀ ਯੋਜਨਾ ਕਿਉਂ ਬਣਾਈ ਹੈ? ਕਿਉਂਕਿ ਜੋ ਬਚਨ ਰਾਜੇ ਨੇ ਬੋਲੇ ਹਨ, ਉਸ ਨਾਲ ਰਾਜਾ ਹੀ ਦੋਸ਼ੀ ਨਹੀਂ ਠਹਿਰਦਾ ਹੈ, ਕਿਉਂਕਿ ਰਾਜੇ ਨੇ ਆਪਣੇ ਕੱਢੇ ਹੋਏ ਪੁੱਤਰ ਨੂੰ ਵਾਪਸ ਨਹੀਂ ਬੁਲਾਇਆ?
14ਅਸੀਂ ਸਭਨਾ ਨੇ ਮਰਨਾ ਹੀ ਹੈ ਅਤੇ ਪਾਣੀ ਵਰਗੇ ਹਾਂ ਜੋ ਧਰਤੀ ਉੱਤੇ ਡੋਲ੍ਹਿਆ ਜਾਂਦਾ ਹੈ ਅਤੇ ਫਿਰ ਇਕੱਠਾ ਨਹੀਂ ਹੁੰਦਾ। ਪਰਮੇਸ਼ਵਰ ਕਿਸੇ ਦੇ ਵੀ ਜੀਵਨ ਨੂੰ ਤਬਾਹ ਨਹੀਂ ਕਰਦਾ। ਉਹ ਅਜਿਹੀ ਯੋਜਨਾ ਬਣਾਉਂਦਾ ਹੈ ਕਿ ਕੋਈ ਵੀ ਉਸ ਦੀ ਮੌਜੂਦਗੀ ਤੋਂ ਦੂਰ ਨਹੀਂ ਰਹਿੰਦਾ।
15“ਅਤੇ ਹੁਣ ਮੈਂ ਆਪਣੇ ਸੁਆਮੀ ਪਾਤਸ਼ਾਹ ਨੂੰ ਇਹ ਕਹਿਣ ਆਈ ਹਾਂ ਕਿਉਂਕਿ ਲੋਕਾਂ ਨੇ ਮੈਨੂੰ ਡਰਾਇਆ ਤਦ ਤੁਹਾਡੀ ਦਾਸੀ ਨੇ ਸੋਚਿਆ, ‘ਮੈਂ ਰਾਜੇ ਅੱਗੇ ਆਪ ਬੇਨਤੀ ਕਰਾਂਗੀ; ਸ਼ਾਇਦ ਉਹ ਆਪਣੀ ਦਾਸੀ ਦੀ ਬੇਨਤੀ ਨੂੰ ਪੂਰਾ ਕਰ ਦੇਵੇ।