3ਕਲੀਸਿਆ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਰਾਹ ਤੇ ਭੇਜਿਆ, ਅਤੇ ਜਦੋਂ ਉਹ ਫ਼ੈਨੀਕੇ ਅਤੇ ਸਾਮਰਿਯਾ ਪ੍ਰਾਂਤ ਦੇ ਵਿੱਚੋਂ ਹੋ ਕੇ ਜਾ ਰਹੇ ਸਨ, ਤਾਂ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਪਰਾਈਆਂ ਕੌਮਾਂ ਦੇ ਲੋਕ ਵਿਸ਼ਵਾਸ ਵਿੱਚ ਆ ਰਹੇ ਹਨ। ਇਹ ਖ਼ਬਰ ਸੁਣ ਕੇ ਸਾਰੇ ਵਿਸ਼ਵਾਸੀਆਂ ਨੂੰ ਬਹੁਤ ਖੁਸ਼ੀ ਹੋਈ।
4ਜਦੋਂ ਉਹ ਯੇਰੂਸ਼ਲੇਮ ਆਏ, ਤਾਂ ਉਨ੍ਹਾਂ ਦਾ ਕਲੀਸਿਆ, ਰਸੂਲਾਂ ਅਤੇ ਬਜ਼ੁਰਗਾਂ ਨੇ ਸਵਾਗਤ ਕੀਤਾ, ਅਤੇ ਉਨ੍ਹਾਂ ਨੂੰ ਉਹ ਸਭ ਕੁਝ ਦੱਸਿਆ ਜੋ ਪਰਮੇਸ਼ਵਰ ਨੇ ਉਨ੍ਹਾਂ ਰਾਹੀਂ ਕੀਤਾ ਸੀ।
5ਫ਼ਰੀਸੀਆਂ ਦੀ ਸਭਾ ਨਾਲ ਸੰਬੰਧਿਤ ਕੁਝ ਨਿਹਚਾਵਾਨ ਖੜੇ ਹੋ ਗਏ ਅਤੇ ਕਹਿਣ ਲੱਗੇ, “ਗ਼ੈਰ-ਯਹੂਦੀਆਂ ਦੀ ਸੁੰਨਤ ਕਰਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਮੋਸ਼ੇਹ ਦੀ ਬਿਵਸਥਾ ਦੀ ਪਾਲਣਾ ਕਰਨ ਦੀ ਜ਼ਰੂਰਤ ਵੀ ਹੈ।”
6ਤਦ ਰਸੂਲ ਅਤੇ ਹੋਰ ਬਜ਼ੁਰਗ ਇਕੱਠੇ ਹੋਏ ਕਿ ਉਹ ਇਸ ਮਸਲੇ ਬਾਰੇ ਗੱਲ ਕਰਨ।
7ਕਾਫ਼ੀ ਵਿਚਾਰ-ਵਟਾਂਦਰੇ ਤੋਂ ਬਾਅਦ, ਪਤਰਸ ਉੱਠਿਆ ਅਤੇ ਉਨ੍ਹਾਂ ਨੂੰ ਸੰਬੋਧਿਤ ਕੀਤਾ: “ਭਾਈਉ, ਤੁਸੀਂ ਜਾਣਦੇ ਹੋ ਕਿ ਕੁਝ ਸਮਾਂ ਪਹਿਲਾਂ ਪਰਮੇਸ਼ਵਰ ਨੇ ਤੁਹਾਡੇ ਵਿਚਕਾਰ ਮੈਨੂੰ ਚੁਣਿਆ ਸੀ ਤਾਂ ਜੋ ਗ਼ੈਰ-ਯਹੂਦੀ ਮੇਰੇ ਬੁੱਲ੍ਹਾਂ ਤੋਂ ਖੁਸ਼ਖ਼ਬਰੀ ਦਾ ਸੰਦੇਸ਼ ਸੁਣ ਸਕਣ ਅਤੇ ਵਿਸ਼ਵਾਸ ਕਰਨ।