8ਤਦ ਰਾਜੇ ਦੇ ਸਾਰੇ ਬੁੱਧੀਮਾਨ ਲੋਕ ਅੰਦਰ ਆਏ, ਪਰ ਉਹ ਲਿਖਤ ਨੂੰ ਨਾ ਪੜ੍ਹ ਸਕੇ ਅਤੇ ਨਾ ਹੀ ਰਾਜੇ ਨੂੰ ਦੱਸ ਸਕੇ ਕਿ ਇਸਦਾ ਕੀ ਅਰਥ ਹੈ।
9ਤਾਂ ਰਾਜਾ ਬੇਲਸ਼ੱਸਰ ਹੋਰ ਵੀ ਘਬਰਾ ਗਿਆ ਅਤੇ ਉਸ ਦਾ ਚਿਹਰਾ ਹੋਰ ਵੀ ਪੀਲਾ ਹੋ ਗਿਆ। ਉਸ ਦੇ ਪ੍ਰਧਾਨ ਵੀ ਹੋਰ ਹੈਰਾਨ ਸਨ।
10ਰਾਣੀ, ਰਾਜੇ ਅਤੇ ਉਸਦੇ ਪ੍ਰਧਾਨਾਂ ਦੀਆਂ ਆਵਾਜ਼ਾਂ ਸੁਣ ਕੇ, ਰਾਣੀ ਦਾਅਵਤ ਘਰ ਵਿੱਚ ਆਈ। ਉਸਨੇ ਕਿਹਾ, “ਪਾਤਸ਼ਾਹ ਸਦਾ ਜੀਉਂਦਾ ਰਹੇ! ਚਿੰਤਾ ਨਾ ਕਰ! ਨਾ ਤੇਰਾ ਚਿਹਰਾ ਇੰਨਾ ਫਿੱਕਾ ਪਵੇ!
11ਤੇਰੇ ਰਾਜ ਵਿੱਚ ਇੱਕ ਆਦਮੀ ਹੈ ਜਿਸ ਵਿੱਚ ਪਵਿੱਤਰ ਦੇਵਤਿਆਂ ਦੀ ਆਤਮਾ ਹੈ। ਤੇਰੇ ਪਿਤਾ ਜੀ ਦੇ ਸਮੇਂ ਉਸ ਵਿੱਚ ਦੇਵਤਿਆਂ ਵਰਗੀ ਸਮਝ, ਗਿਆਨ ਅਤੇ ਬੁੱਧ ਪਾਈ ਗਈ ਸੀ। ਤੇਰੇ ਪਿਤਾ, ਰਾਜਾ ਨਬੂਕਦਨੱਸਰ ਨੇ ਉਸਨੂੰ ਜਾਦੂਗਰਾਂ, ਜੋਤਸ਼ੀਆਂ, ਕਸਦੀਆਂ ਅਤੇ ਅਗੰਮ ਵਿਦਵਾਨਾਂ ਦਾ ਮੁਖੀ ਨਿਯੁਕਤ ਕੀਤਾ ਸੀ।
12ਕਿਉਂ ਜੋ ਉਸ ਵਿੱਚ ਇੱਕ ਚੰਗਾ ਆਤਮਾ, ਗਿਆਨ ਤੇ ਸਮਝ ਅਤੇ ਸੁਫ਼ਨਿਆਂ ਦੇ ਅਰਥ ਦੱਸਣ ਦੀ ਸ਼ਕਤੀ ਤੇ ਔਖੀਆਂ ਗੱਲਾਂ ਦਾ ਭੇਤ ਖੋਲ੍ਹਣ ਤੇ ਵਹਿਮਾਂ ਨੂੰ ਹੱਲ ਕਰਨ ਦੀ ਸਮਰੱਥਾ ਸੀ, ਉਸੇ ਦਾਨੀਏਲ ਜਿਸ ਦਾ ਨਾਮ ਰਾਜੇ ਨੇ ਬੇਲਟਸ਼ੱਸਰ ਰੱਖਿਆ ਸੀ। ਹੁਣ ਦਾਨੀਏਲ ਨੂੰ ਸਦਵਾ ਲੈ ਉਹ ਅਰਥ ਦੱਸੇਗਾ।”