19ਤਦ ਜਿਵੇਂ ਯਾਹਵੇਹ ਸਾਡੇ ਪਰਮੇਸ਼ਵਰ ਨੇ ਸਾਨੂੰ ਹੁਕਮ ਦਿੱਤਾ ਸੀ ਅਸੀਂ ਹੋਰੇਬ ਤੋਂ ਕੂਚ ਕਰ ਕੇ ਅਮੋਰੀਆਂ ਦੇ ਪਹਾੜੀ ਦੇਸ਼ ਵਿੱਚ ਉਸ ਵਿਸ਼ਾਲ ਅਤੇ ਭਿਆਨਕ ਉਜਾੜ ਵਿੱਚੋਂ ਲੰਘੇ ਜੋ ਤੁਸੀਂ ਵੇਖਿਆ ਹੈ, ਅਤੇ ਇਸ ਤਰ੍ਹਾਂ ਅਸੀਂ ਕਾਦੇਸ਼ ਬਰਨੇਆ ਪਹੁੰਚ ਗਏ।
20ਫ਼ੇਰ ਮੈਂ ਤੁਹਾਨੂੰ ਆਖਿਆ, “ਤੁਸੀਂ ਅਮੋਰੀਆਂ ਦੇ ਪਹਾੜੀ ਦੇਸ਼ ਵਿੱਚ ਪਹੁੰਚ ਗਏ ਹੋ, ਜਿਹੜਾ ਯਾਹਵੇਹ ਸਾਡਾ ਪਰਮੇਸ਼ਵਰ ਸਾਨੂੰ ਦੇ ਰਿਹਾ ਹੈ।
21ਵੇਖੋ, ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਧਰਤੀ ਦਿੱਤੀ ਹੈ। ਉੱਪਰ ਜਾਓ ਅਤੇ ਇਸ ਉੱਤੇ ਕਬਜ਼ਾ ਕਰੋ ਜਿਵੇਂ ਕਿ ਤੁਹਾਡੇ ਪੁਰਖਿਆਂ ਦੇ ਪਰਮੇਸ਼ਵਰ ਨੇ ਤੁਹਾਨੂੰ ਕਿਹਾ ਹੈ। ਨਾ ਡਰੋ, ਨਾ ਘਬਰਾਓ।”
22ਤਦ ਤੁਸੀਂ ਸਾਰੇ ਮੇਰੇ ਕੋਲ ਆਏ ਅਤੇ ਕਿਹਾ, “ਆਓ ਅਸੀਂ ਮਨੁੱਖਾਂ ਨੂੰ ਅੱਗੇ ਭੇਜੀਏ ਜੋ ਸਾਡੇ ਲਈ ਦੇਸ਼ ਦੀ ਜਾਸੂਸੀ ਕਰਨ ਅਤੇ ਉਸ ਰਸਤੇ ਦਾ ਭੇਤ ਸਾਨੂੰ ਦੱਸਣ ਜਿਸ ਦੇ ਵਿੱਚੋਂ ਹੋ ਕੇ ਅਸੀਂ ਅੱਗੇ ਜਾਣਾ ਹੈ ਅਤੇ ਕਿਸ ਨਗਰ ਵਿੱਚ ਅਸੀਂ ਪਹੁੰਚਣਾ ਹੈ।”
23ਇਹ ਵਿਚਾਰ ਮੈਨੂੰ ਚੰਗਾ ਲੱਗਾ; ਇਸ ਲਈ ਮੈਂ ਤੁਹਾਡੇ ਵਿੱਚੋਂ ਬਾਰਾਂ ਨੂੰ ਚੁਣਿਆ, ਹਰੇਕ ਗੋਤ ਵਿੱਚੋਂ ਇੱਕ ਆਦਮੀ।