14ਤਦ ਮੈਂ ਤੁਹਾਡੀ ਧਰਤੀ ਉੱਤੇ ਪਤਝੜ ਅਤੇ ਬਸੰਤ ਰੁੱਤ ਵਿੱਚ ਮੀਂਹ ਵਰ੍ਹਾਵਾਂਗਾ, ਤਾਂ ਜੋ ਤੁਸੀਂ ਆਪਣੇ ਅੰਨ, ਨਵੀਂ ਦਾਖ਼ਰਸ ਜ਼ੈਤੂਨ ਦੇ ਤੇਲ ਨੂੰ ਇਕੱਠਾ ਕਰ ਸਕੋ।
15ਮੈਂ ਤੁਹਾਡੇ ਪਸ਼ੂਆਂ ਲਈ ਖੇਤਾਂ ਵਿੱਚ ਘਾਹ ਦਿਆਂਗਾ ਅਤੇ ਤੁਸੀਂ ਰੱਜ ਕੇ ਖਾਓਗੇ।
16ਸਾਵਧਾਨ ਰਹੋ, ਕਿਤੇ ਅਜਿਹਾ ਨਾ ਹੋਵੇ ਤੁਸੀਂ ਹੋਰ ਦੇਵਤਿਆਂ ਦੀ ਉਪਾਸਨਾ ਕਰਨ ਅਤੇ ਉਹਨਾਂ ਨੂੰ ਮੱਥਾ ਟੇਕਣ ਲੱਗ ਜਾਓ।
17ਤਦ ਯਾਹਵੇਹ ਦਾ ਕ੍ਰੋਧ ਤੁਹਾਡੇ ਉੱਤੇ ਭੜਕੇਗਾ ਅਤੇ ਉਹ ਅਕਾਸ਼ ਨੂੰ ਬੰਦ ਕਰ ਦੇਵੇਗਾ ਤਾਂ ਜੋ ਮੀਂਹ ਨਾ ਪਵੇ ਅਤੇ ਜ਼ਮੀਨ ਵਿੱਚ ਕੋਈ ਉਪਜ ਨਾ ਹੋਵੇ ਅਤੇ ਤੁਸੀਂ ਛੇਤੀ ਹੀ ਚੰਗੀ ਧਰਤੀ ਤੋਂ ਨਾਸ ਹੋ ਜਾਓਗੇ, ਜੋ ਯਾਹਵੇਹ ਤੁਹਾਨੂੰ ਦੇ ਰਿਹਾ ਹੈ।
18ਮੇਰੀਆਂ ਇਨ੍ਹਾਂ ਗੱਲਾਂ ਨੂੰ ਆਪਣੇ ਦਿਲਾਂ ਅਤੇ ਜਾਨਾਂ ਵਿੱਚ ਪੱਕਾ ਰੱਖੋ। ਉਹਨਾਂ ਨੂੰ ਨਿਸ਼ਾਨੀਆਂ ਲਈ ਆਪਣੇ ਹੱਥ ਉੱਤੇ ਬੰਨ੍ਹਣਾ ਅਤੇ ਉਹ ਤੁਹਾਡੀਆਂ ਅੱਖਾਂ ਦੇ ਵਿਚਕਾਰ ਟਿੱਕੇ ਵਾਂਗ ਹੋਣ।