1ਲੇਵੀ ਜਾਜਕਾਂ ਨੂੰ, ਸਗੋਂ ਲੇਵੀ ਦੇ ਸਾਰੇ ਗੋਤ ਨੂੰ ਇਸਰਾਏਲ ਦੇ ਨਾਲ ਕੋਈ ਵੰਡ ਜਾਂ ਵਿਰਾਸਤ ਨਹੀਂ ਹੋਵੇਗੀ। ਉਹ ਯਾਹਵੇਹ ਨੂੰ ਚੜ੍ਹਾਈਆਂ ਗਈਆਂ ਅੱਗ ਦੀਆਂ ਭੇਟਾਂ ਅਤੇ ਉਸ ਦੇ ਭਾਗ ਵਿੱਚੋਂ ਖਾਣਗੇ।
2ਉਹਨਾਂ ਦੀ ਆਪਣੇ ਇਸਰਾਏਲੀਆਂ ਵਿੱਚ ਕੋਈ ਵਿਰਾਸਤ ਨਹੀਂ ਹੋਵੇਗੀ ਕਿਉਂਕਿ ਯਾਹਵੇਹ ਹੀ ਉਹਨਾਂ ਦੀ ਵਿਰਾਸਤ ਹੈ, ਜਿਵੇਂ ਉਸਨੇ ਉਹਨਾਂ ਨਾਲ ਵਾਅਦਾ ਕੀਤਾ ਸੀ।
3ਲੋਕਾਂ ਵੱਲੋਂ ਜਿਹੜੇ ਬਲੀ ਚੜ੍ਹਾਉਂਦੇ ਹਨ, ਜਾਜਕਾਂ ਦਾ ਇਹ ਹੱਕ ਹੋਵੇਗਾ, ਭਾਵੇਂ ਉਹ ਬਲਦ ਚੜ੍ਹਾਉਣ ਭਾਵੇਂ ਲੇਲਾ, ਉਹ ਜਾਜਕ ਨੂੰ ਮੋਢਾ, ਦੋਵੇਂ ਗੱਲੀਆਂ ਅਤੇ ਢਿੱਡ ਦੇਣ।