1ਜਿਸ ਦੇ ਨਲ ਮਿੱਧੇ ਗਏ ਹੋਣ ਜਾ ਇੰਦਰੀ ਕੱਟੀ ਹੋਈ ਹੋਵੇ, ਉਹ ਯਾਹਵੇਹ ਦੀ ਸਭਾ ਵਿੱਚ ਨਾ ਵੜੇ।
2ਕੁਕਰਮ ਨਾਲ ਜੰਮਿਆਂ ਹੋਇਆ ਯਾਹਵੇਹ ਦੀ ਸਭਾ ਵਿੱਚ ਨਾ ਵੜੇ ਸਗੋਂ ਦਸਵੀ ਪੀੜ੍ਹੀ ਤੱਕ ਉਹਨਾਂ ਦੇ ਵੰਸ਼ ਦਾ ਕੋਈ ਵੀ ਯਾਹਵੇਹ ਦੀ ਸਭਾ ਵਿੱਚ ਨਾ ਵੜੇ।
3ਕੋਈ ਅੰਮੋਨੀ ਜਾਂ ਮੋਆਬੀ ਯਾਹਵੇਹ ਦੀ ਸਭਾ ਵਿੱਚ ਨਾ ਵੜੇ ਸਗੋਂ ਦਸਵੀ ਪੀੜ੍ਹੀ ਤੱਕ ਉਹਨਾਂ ਦੇ ਵੰਸ਼ ਦਾ ਕੋਈ ਵੀ ਯਾਹਵੇਹ ਦੀ ਸਭਾ ਵਿੱਚ ਨਾ ਵੜੇ।
4ਕਿਉਂ ਜੋ ਜਦੋਂ ਤੁਸੀਂ ਮਿਸਰ ਵਿੱਚੋਂ ਨਿੱਕਲੇ ਸੀ, ਤਾਂ ਉਹ ਤੁਹਾਡੇ ਰਾਹ ਵਿੱਚ ਰੋਟੀ ਅਤੇ ਪਾਣੀ ਲੈ ਕੇ ਤੁਹਾਨੂੰ ਮਿਲਣ ਲਈ ਨਹੀਂ ਆਏ ਸਨ ਅਤੇ ਸਗੋਂ ਉਹਨਾਂ ਨੇ ਬਓਰ ਦੇ ਪੁੱਤਰ ਬਿਲਆਮ ਨੂੰ ਅਰਾਮ ਨਾਹਰਿਮਕ ਦੇ ਪਥੋਰ ਤੋਂ ਭਾੜੇ ਉੱਤੇ ਲਿਆ ਜੋ ਤੁਹਾਡੇ ਉੱਤੇ ਸਰਾਪ ਦੇਵੇ।
5ਪਰ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਬਿਲਆਮ ਦੀ ਗੱਲ ਨਹੀਂ ਸੁਣੀ, ਪਰ ਤੁਹਾਡੇ ਲਈ ਸਰਾਪ ਨੂੰ ਬਰਕਤ ਵਿੱਚ ਬਦਲ ਦਿੱਤਾ, ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਪਿਆਰ ਕਰਦਾ ਹੈ।