16ਤੁਸੀਂ ਆਪ ਜਾਣਦੇ ਹੋ ਕਿ ਅਸੀਂ ਮਿਸਰ ਵਿੱਚ ਕਿਵੇਂ ਰਹਿੰਦੇ ਸੀ ਅਤੇ ਇੱਥੋਂ ਦੇ ਰਾਹ ਵਿੱਚ ਅਸੀਂ ਕਿਵੇਂ ਉਹਨਾਂ ਕੌਮਾਂ ਵਿੱਚੋਂ ਹੋ ਕੇ ਲੰਘੇ ਸੀ।
17ਤੁਸੀਂ ਉਹਨਾਂ ਵਿੱਚ ਉਹਨਾਂ ਦੀਆਂ ਘਿਣਾਉਣੀਆਂ ਚੀਜ਼ਾਂ ਲੱਕੜ ਅਤੇ ਪੱਥਰ, ਚਾਂਦੀ ਅਤੇ ਸੋਨੇ ਦੀਆਂ ਮੂਰਤੀਆਂ ਵੇਖੀਆਂ।
18ਇਹ ਨਿਸ਼ਚਿਤ ਕਰੋ ਕਿ ਅੱਜ ਤੁਹਾਡੇ ਵਿੱਚ ਕੋਈ ਅਜਿਹਾ ਆਦਮੀ ਜਾਂ ਔਰਤ, ਕਬੀਲਾ ਜਾਂ ਗੋਤ ਨਹੀਂ ਹੈ ਜਿਸਦਾ ਮਨ ਸਾਡੇ ਪਰਮੇਸ਼ਵਰ ਤੋਂ ਦੂਰ ਹੋਵੇ ਅਤੇ ਜਾ ਕੇ ਉਹਨਾਂ ਕੌਮਾਂ ਦੇ ਦੇਵਤਿਆਂ ਦੀ ਪੂਜਾ ਕਰੇ। ਫਿਰ ਕਿਤੇ ਅਜਿਹਾ ਵੀ ਨਾ ਹੋਵੇ ਕਿ ਤੁਹਾਡੇ ਵਿੱਚੋਂ ਕੋਈ ਕੁੜੱਤਣ ਅਤੇ ਅੱਕ ਦੀ ਜੜ੍ਹ ਫੁੱਟ ਨਿੱਕਲੇ।
19ਜਦੋਂ ਅਜਿਹਾ ਵਿਅਕਤੀ ਇਸ ਸਰਾਪ ਦੇ ਵੇਰਵਿਆਂ ਬਾਰੇ ਸੋਚਦਾ ਹੈ, ਤਾਂ ਉਹ ਆਪਣੇ ਮਨ ਵਿੱਚ ਆਪਣੇ ਆਪ ਨੂੰ ਵਧਾਈ ਦੇਵੇਗਾ ਅਤੇ ਸੋਚੇਗਾ, “ਮੈਂ ਸੁਰੱਖਿਅਤ ਰਹਾਂਗਾ ਭਾਵੇਂ ਮੈਂ ਜੋ ਚਾਹਾਂਗਾ!” ਇਸ ਦੁਆਰਾ, ਉਹ ਵਿਅਕਤੀ ਸਿੰਚਾਈ ਵਾਲੀ ਜ਼ਮੀਨ ਅਤੇ ਸੁੱਕੀ ਜ਼ਮੀਨ ਦੋਵਾਂ ਉੱਤੇ ਤਬਾਹੀ ਲਿਆਵੇਗਾ।
20ਯਾਹਵੇਹ ਕਦੇ ਵੀ ਉਹਨਾਂ ਨੂੰ ਮਾਫ਼ ਕਰਨ ਲਈ ਤਿਆਰ ਨਹੀਂ ਹੋਵੇਗਾ; ਉਸਦਾ ਕ੍ਰੋਧ ਅਤੇ ਜੋਸ਼ ਉਹਨਾਂ ਦੇ ਵਿਰੁੱਧ ਭੜਕੇਗਾ। ਇਸ ਪੁਸਤਕ ਵਿੱਚ ਲਿਖੇ ਸਾਰੇ ਸਰਾਪ ਉਹਨਾਂ ਉੱਤੇ ਪੈਣਗੇ, ਅਤੇ ਯਾਹਵੇਹ ਉਹਨਾਂ ਦੇ ਨਾਮ ਨੂੰ ਅਕਾਸ਼ ਦੇ ਹੇਠਾਂ ਤੋਂ ਮਿਟਾ ਦੇਵੇਗਾ।