1ਫੇਰ ਅਸੀਂ ਮੁੜੇ ਅਤੇ ਬਾਸ਼ਾਨ ਦੇ ਰਾਹ ਉੱਤੇ ਚੜ੍ਹ ਗਏ ਅਤੇ ਬਾਸ਼ਾਨ ਦਾ ਰਾਜਾ ਓਗ ਉਸਦੀ ਸਾਰੀ ਸੈਨਾਂ ਸਣੇ ਸਾਡੇ ਨਾਲ ਯੁੱਧ ਕਰਨ ਲਈ ਅਦਰਈ ਵਿੱਚ ਪਹੁੰਚਿਆ।
2ਯਾਹਵੇਹ ਨੇ ਮੈਨੂੰ ਆਖਿਆ, “ਉਸ ਤੋਂ ਨਾ ਡਰ ਕਿਉਂ ਜੋ ਮੈਂ ਉਸਨੂੰ ਉਸਦੀ ਸਾਰੀ ਸੈਨਾ ਅਤੇ ਉਸਦੀ ਧਰਤੀ ਸਮੇਤ ਤੁਹਾਡੇ ਹੱਥਾਂ ਵਿੱਚ ਸੌਂਪ ਦਿੱਤਾ ਹੈ। ਉਸ ਨਾਲ ਉਹੀ ਕਰੋ ਜੋ ਤੁਸੀਂ ਅਮੋਰੀਆਂ ਦੇ ਰਾਜੇ ਸੀਹੋਨ ਨਾਲ ਕੀਤਾ ਸੀ ਜੋ ਹੇਸ਼ਬੋਨ ਵਿੱਚ ਰਾਜ ਕਰਦਾ ਸੀ।”
3ਸੋ ਸਾਡੇ ਪਰਮੇਸ਼ਵਰ ਨੇ ਬਾਸ਼ਾਨ ਦੇ ਰਾਜਾ ਓਗ ਅਤੇ ਉਸ ਦੀ ਸਾਰੀ ਫ਼ੌਜ ਨੂੰ ਵੀ ਸਾਡੇ ਹੱਥ ਵਿੱਚ ਦੇ ਦਿੱਤਾ ਅਤੇ ਅਸੀਂ ਉਹਨਾਂ ਨੂੰ ਮਾਰ ਦਿੱਤਾ, ਕੋਈ ਵੀ ਉਹਨਾਂ ਵਿੱਚੋਂ ਨਹੀਂ ਬਚਿਆ।