24ਰਾਤ ਦੇ ਆਖਰੀ ਪਹਿਰ ਦੇ ਦੌਰਾਨ ਯਾਹਵੇਹ ਨੇ ਮਿਸਰੀ ਫੌਜ ਵੱਲ ਅੱਗ ਅਤੇ ਬੱਦਲ ਦੇ ਥੰਮ੍ਹ ਤੋਂ ਹੇਠਾਂ ਦੇਖਿਆ ਅਤੇ ਇਸਨੂੰ ਉਲਝਣ ਵਿੱਚ ਸੁੱਟ ਦਿੱਤਾ।
25ਉਸਨੇ ਉਹਨਾਂ ਦੇ ਰੱਥਾਂ ਦੇ ਪਹੀਏ ਨੂੰ ਜਾਮ ਕਰ ਦਿੱਤਾ ਤਾਂ ਜੋ ਉਹਨਾਂ ਨੂੰ ਰੱਥ ਚਲਾਉਣ ਵਿੱਚ ਮੁਸ਼ਕਲ ਹੋਵੇ ਅਤੇ ਮਿਸਰੀਆਂ ਨੇ ਆਖਿਆ, “ਆਓ ਇਸਰਾਏਲੀਆਂ ਤੋਂ ਦੂਰ ਚੱਲੀਏ! ਯਾਹਵੇਹ ਉਹਨਾਂ ਲਈ ਮਿਸਰ ਦੇ ਵਿਰੁੱਧ ਲੜ ਰਿਹਾ ਹੈ।”
26ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕਰ ਤਾਂ ਜੋ ਪਾਣੀ ਮਿਸਰੀਆਂ ਅਤੇ ਉਹਨਾਂ ਦੇ ਰੱਥਾਂ ਅਤੇ ਘੋੜ ਸਵਾਰਾਂ ਉੱਤੇ ਵਾਪਸ ਵਹਿ ਜਾਵੇ।”
27ਮੋਸ਼ੇਹ ਨੇ ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕੀਤਾ, ਅਤੇ ਸਵੇਰ ਵੇਲੇ ਸਮੁੰਦਰ ਆਪਣੀ ਥਾਂ ਤੇ ਮੁੜ ਗਿਆ। ਮਿਸਰੀ ਉਸ ਵੱਲ ਭੱਜ ਰਹੇ ਸਨ, ਅਤੇ ਯਾਹਵੇਹ ਨੇ ਉਹਨਾਂ ਨੂੰ ਸਮੁੰਦਰ ਵਿੱਚ ਵਹਾ ਦਿੱਤਾ।
28ਪਾਣੀ ਵਾਪਸ ਵਹਿ ਗਿਆ ਅਤੇ ਰਥਾਂ ਅਤੇ ਘੋੜਸਵਾਰਾਂ ਨੂੰ ਢੱਕ ਲਿਆ, ਫ਼ਿਰਾਊਨ ਦੀ ਸਾਰੀ ਫ਼ੌਜ ਜੋ ਇਸਰਾਏਲੀਆਂ ਦਾ ਪਿੱਛਾ ਕਰਕੇ ਸਮੁੰਦਰ ਵਿੱਚ ਡੁੱਬ ਗਈ। ਉਹਨਾਂ ਵਿੱਚੋਂ ਇੱਕ ਵੀ ਨਹੀਂ ਬਚਿਆ।