1ਇਸਰਾਏਲ ਦੀ ਸਾਰੀ ਕੌਮ ਏਲਿਮ ਤੋਂ ਕੂਚ ਕੀਤੀ ਅਤੇ ਮਿਸਰ ਵਿੱਚੋਂ ਨਿਕਲਣ ਤੋਂ ਬਾਅਦ ਦੂਜੇ ਮਹੀਨੇ ਦੀ ਪੰਦਰਵੀਂ ਤਾਰੀਖ਼ ਨੂੰ ਸੀਨਾਈ ਦੇ ਉਜਾੜ ਵਿੱਚ ਆਈ ਜੋ ਏਲਿਮ ਅਤੇ ਸੀਨਾਈ ਦੇ ਵਿਚਕਾਰ ਹੈ।
2ਮਾਰੂਥਲ ਵਿੱਚ ਸਾਰੀ ਇਸਰਾਏਲ ਕੌਮ ਮੋਸ਼ੇਹ ਅਤੇ ਹਾਰੋਨ ਦੇ ਵਿਰੁੱਧ ਬੁੜਬੁੜਾਉਣ ਲੱਗੀ।
3ਇਸਰਾਏਲੀਆਂ ਨੇ ਉਹਨਾਂ ਨੂੰ ਆਖਿਆ, “ਕਾਸ਼ ਅਸੀਂ ਮਿਸਰ ਵਿੱਚ ਯਾਹਵੇਹ ਦੇ ਹੱਥੋਂ ਮਰੇ ਹੁੰਦੇ! ਉੱਥੇ ਅਸੀਂ ਮਾਸ ਦੇ ਭਾਂਡੇ ਦੇ ਕੋਲ ਬੈਠ ਕੇ ਭੋਜਨ ਖਾਂਦੇ ਸੀ, ਜੋ ਅਸੀਂ ਚਾਹੁੰਦੇ ਸੀ, ਪਰ ਤੁਸੀਂ ਸਾਨੂੰ ਇਸ ਸਾਰੀ ਸਭਾ ਨੂੰ ਭੁੱਖੇ ਮਰਾਉਣ ਲਈ ਇਸ ਉਜਾੜ ਵਿੱਚ ਬਾਹਰ ਲੈ ਆਏ ਹੋ।”
4ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਮੈਂ ਤੇਰੇ ਲਈ ਸਵਰਗ ਤੋਂ ਰੋਟੀ ਵਰ੍ਹਾਵਾਂਗਾ। ਲੋਕ ਹਰ ਰੋਜ਼ ਬਾਹਰ ਜਾ ਕੇ ਇੱਕ ਦਿਨ ਦਾ ਭੋਜਨ ਉਸੇ ਦਿਨ ਇਕੱਠਾ ਕਰਨ। ਇਸ ਤਰ੍ਹਾਂ ਮੈਂ ਉਹਨਾਂ ਦੀ ਜਾਂਚ ਕਰਾਂਗਾ ਅਤੇ ਦੇਖਾਂਗਾ ਕਿ ਉਹ ਮੇਰੇ ਹੁਕਮ ਦੀ ਪਾਲਣਾ ਕਰਨਗੇ ਜਾਂ ਨਹੀਂ।