1ਸਾਰੇ ਇਸਰਾਏਲੀਆਂ ਨੇ ਸੀਨਾਈ ਦੇ ਉਜਾੜ ਵਿੱਚ ਯਾਹਵੇਹ ਦੇ ਹੁਕਮ ਅਨੁਸਾਰ ਆਪਣੇ ਸਫ਼ਰਾਂ ਲਈ ਕੂਚ ਕੀਤਾ ਅਤੇ ਉਹਨਾਂ ਨੇ ਰਫ਼ੀਦੀਮ ਵਿੱਚ ਡੇਰਾ ਲਾਇਆ, ਪਰ ਲੋਕਾਂ ਲਈ ਪੀਣ ਲਈ ਪਾਣੀ ਨਹੀਂ ਸੀ।
2ਇਸ ਲਈ ਉਹਨਾਂ ਨੇ ਮੋਸ਼ੇਹ ਨਾਲ ਝਗੜਾ ਕੀਤਾ ਅਤੇ ਕਿਹਾ, “ਸਾਨੂੰ ਪੀਣ ਲਈ ਪਾਣੀ ਦਿਓ।” ਮੋਸ਼ੇਹ ਨੇ ਉੱਤਰ ਦਿੱਤਾ, “ਤੁਸੀਂ ਮੇਰੇ ਨਾਲ ਕਿਉਂ ਝਗੜਾ ਕਰਦੇ ਹੋ? ਤੁਸੀਂ ਯਾਹਵੇਹ ਨੂੰ ਕਿਉਂ ਪਰਖਦੇ ਹੋ?”
3ਪਰ ਲੋਕ ਉੱਥੇ ਪਾਣੀ ਲਈ ਪਿਆਸੇ ਸਨ ਅਤੇ ਉਹ ਮੋਸ਼ੇਹ ਦੇ ਵਿਰੁੱਧ ਬੁੜਬੁੜਾਉਂਦੇ ਸਨ। ਉਹਨਾਂ ਨੇ ਆਖਿਆ, “ਤੂੰ ਸਾਨੂੰ ਮਿਸਰ ਵਿੱਚੋਂ ਕਿਉਂ ਲਿਆਇਆ ਕਿ ਸਾਨੂੰ ਅਤੇ ਸਾਡੇ ਬੱਚਿਆਂ ਅਤੇ ਪਸ਼ੂਆਂ ਨੂੰ ਪਿਆਸ ਨਾਲ ਮਾਰਨ ਲਈ?”