10ਜਦੋਂ ਬੱਚਾ ਵੱਡਾ ਹੋ ਗਿਆ, ਤਾਂ ਉਹ ਉਸਨੂੰ ਫ਼ਿਰਾਊਨ ਦੀ ਧੀ ਕੋਲ ਲੈ ਗਈ ਅਤੇ ਉਹ ਉਸਦਾ ਪੁੱਤਰ ਬਣ ਗਿਆ। ਉਸਨੇ ਉਸਦਾ ਨਾਮ ਇਹ ਆਖ ਕੇ ਮੋਸ਼ੇਹ ਰੱਖਿਆ, “ਕਿ ਮੈਂ ਉਸਨੂੰ ਪਾਣੀ ਵਿੱਚੋਂ ਬਾਹਰ ਕੱਢਿਆ।”
11ਜਦੋਂ ਮੋਸ਼ੇਹ ਵੱਡਾ ਹੋ ਗਿਆ, ਇੱਕ ਦਿਨ, ਉਹ ਬਾਹਰ ਗਿਆ ਜਿੱਥੇ ਉਸਦੇ ਆਪਣੇ ਲੋਕ ਸਨ ਅਤੇ ਉਸਨੇ ਉਹਨਾਂ ਦੀ ਸਖ਼ਤ ਮਿਹਨਤ ਨੂੰ ਦੇਖਿਆ। ਉਸਨੇ ਇੱਕ ਮਿਸਰੀ ਨੂੰ ਇੱਕ ਇਬਰਾਨੀ ਨੂੰ ਕੁੱਟਦੇ ਹੋਏ ਦੇਖਿਆ, ਜੋ ਉਸਦੇ ਆਪਣੇ ਲੋਕਾਂ ਵਿੱਚੋਂ ਇੱਕ ਸੀ।
12ਇਧਰ ਉਧਰ ਵੇਖ ਕੇ ਅਤੇ ਜਦੋਂ ਕਿਸੇ ਨੂੰ ਨਾ ਦੇਖਿਆ ਤਾਂ ਉਸ ਨੇ ਮਿਸਰੀ ਨੂੰ ਮਾਰ ਕੇ ਰੇਤ ਵਿੱਚ ਲੁਕਾ ਦਿੱਤਾ।
13ਅਗਲੇ ਦਿਨ ਉਹ ਬਾਹਰ ਗਿਆ ਅਤੇ ਦੋ ਇਬਰਾਨੀਆਂ ਨੂੰ ਲੜਦੇ ਦੇਖਿਆ। ਉਸ ਨੇ ਗਲਤੀ ਕਰਨ ਵਾਲੇ ਨੂੰ ਪੁੱਛਿਆ, “ਤੂੰ ਆਪਣੇ ਸਾਥੀ ਇਬਰਾਨੀ ਨੂੰ ਕਿਉਂ ਮਾਰ ਰਿਹਾ ਹੈ?”
14ਉਸ ਆਦਮੀ ਨੇ ਕਿਹਾ, “ਤੈਨੂੰ ਕਿਸ ਨੇ ਸਾਡੇ ਉੱਤੇ ਹਾਕਮ ਅਤੇ ਨਿਆਂਕਾਰ ਬਣਾਇਆ? ਕੀ ਤੂੰ ਮੈਨੂੰ ਵੀ ਮਾਰਨਾ ਚਾਹੁੰਦਾ ਹੈ ਜਿਸ ਤਰ੍ਹਾਂ ਤੂੰ ਉਸ ਮਿਸਰੀ ਨੂੰ ਮਾਰਿਆ ਸੀ?” ਤਦ ਮੋਸ਼ੇਹ ਡਰ ਗਿਆ ਅਤੇ ਸੋਚਿਆ, “ਜੋ ਮੈਂ ਕੀਤਾ ਹੈ, ਉਹ ਜ਼ਰੂਰ ਪਤਾ ਲੱਗ ਗਿਆ ਹੋਵੇਗਾ।”