9ਪਰ ਜੇ ਉਹ ਇਨ੍ਹਾਂ ਦੋਹਾਂ ਨਿਸ਼ਾਨੀਆਂ ਤੇ ਵਿਸ਼ਵਾਸ ਨਹੀਂ ਕਰਦੇ ਜਾਂ ਤੇਰੀ ਗੱਲ ਨਹੀਂ ਸੁਣਦੇ ਤਾਂ ਨੀਲ ਨਦੀ ਵਿੱਚੋਂ ਕੁਝ ਪਾਣੀ ਲੈ ਕੇ ਸੁੱਕੀ ਜ਼ਮੀਨ ਉੱਤੇ ਡੋਲ੍ਹ ਦੇਵੀਂ। ਜੋ ਪਾਣੀ ਤੂੰ ਉਸ ਨਦੀ ਤੋਂ ਲਵੇਂਗਾ, ਉਹ ਧਰਤੀ ਉੱਤੇ ਲਹੂ ਬਣ ਜਾਵੇਗਾ।”
10ਮੋਸ਼ੇਹ ਨੇ ਯਾਹਵੇਹ ਨੂੰ ਕਿਹਾ, “ਯਾਹਵੇਹ, ਆਪਣੇ ਸੇਵਕ ਨੂੰ ਮਾਫ਼ ਕਰੋ। ਮੈਂ ਕਦੇ ਵੀ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ, ਨਾ ਪਹਿਲਾਂ ਅਤੇ ਨਾ ਹੀ ਜਦੋਂ ਤੋਂ ਤੁਸੀਂ ਆਪਣੇ ਸੇਵਕ ਨਾਲ ਗੱਲ ਕੀਤੀ ਹੈ ਕਿਉਂ ਜੋ ਮੈਂ ਬੋਲਣ ਅਤੇ ਜ਼ੁਬਾਨ ਵਿੱਚ ਧੀਮਾ ਹਾਂ।”
11ਯਾਹਵੇਹ ਨੇ ਉਸਨੂੰ ਕਿਹਾ, “ਕਿਸ ਨੇ ਮਨੁੱਖ ਨੂੰ ਆਪਣਾ ਮੂੰਹ ਦਿੱਤਾ? ਕੌਣ ਉਹਨਾਂ ਨੂੰ ਬੋਲਾ ਜਾਂ ਗੂੰਗਾ ਬਣਾਉਂਦਾ ਹੈ? ਕੌਣ ਉਹਨਾਂ ਨੂੰ ਦ੍ਰਿਸ਼ਟੀ ਦਿੰਦਾ ਹੈ ਜਾਂ ਉਹਨਾਂ ਨੂੰ ਅੰਨ੍ਹਾ ਬਣਾਉਂਦਾ ਹੈ? ਕੀ ਇਹ ਮੈਂ ਯਾਹਵੇਹ ਨਹੀਂ?
12ਹੁਣ ਜਾ, ਮੈਂ ਬੋਲਣ ਵਿੱਚ ਤੇਰੀ ਮਦਦ ਕਰਾਂਗਾ ਅਤੇ ਤੈਨੂੰ ਸਿਖਾਵਾਂਗਾ ਕਿ ਤੂੰ ਕੀ ਬੋਲਣਾ ਹੈ।”
13ਪਰ ਮੋਸ਼ੇਹ ਨੇ ਆਖਿਆ, “ਹੇ ਯਾਹਵੇਹ, ਆਪਣੇ ਸੇਵਕ ਨੂੰ ਮਾਫ਼ ਕਰ, ਕਿਰਪਾ ਕਰਕੇ ਕਿਸੇ ਹੋਰ ਨੂੰ ਭੇਜ ਦੇ।”