19ਜਾਦੂਗਰਾਂ ਨੇ ਫ਼ਿਰਾਊਨ ਨੂੰ ਕਿਹਾ, “ਇਹ ਪਰਮੇਸ਼ਵਰ ਦੀ ਉਂਗਲ ਹੈ।” ਪਰ ਫ਼ਿਰਾਊਨ ਦਾ ਦਿਲ ਕਠੋਰ ਸੀ ਅਤੇ ਉਸ ਨੇ ਨਾ ਸੁਣੀ, ਜਿਵੇਂ ਯਾਹਵੇਹ ਨੇ ਕਿਹਾ ਸੀ।
20ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਤੜਕੇ ਉੱਠ ਅਤੇ ਨਦੀ ਉੱਤੇ ਜਦ ਫ਼ਿਰਾਊਨ ਜਾਂਦਾ ਹੈ ਉਸਨੂੰ ਮਿਲ ਅਤੇ ਉਸਨੂੰ ਆਖ, ‘ਯਾਹਵੇਹ ਇਹ ਆਖਦਾ ਹੈ: ਮੇਰੇ ਲੋਕਾਂ ਨੂੰ ਜਾਣ ਦੇ, ਤਾਂ ਜੋ ਉਹ ਮੇਰੀ ਉਪਾਸਨਾ ਕਰ ਸਕਣ।
21ਜੇ ਤੂੰ ਮੇਰੇ ਲੋਕਾਂ ਨੂੰ ਨਾ ਜਾਣ ਦੇਵੇਂਗਾ ਤਾਂ ਮੈਂ ਤੇਰੇ ਉੱਤੇ ਅਤੇ ਤੇਰੇ ਅਧਿਕਾਰੀਆਂ ਉੱਤੇ, ਤੇਰੇ ਲੋਕਾਂ ਉੱਤੇ ਅਤੇ ਤੁਹਾਡੇ ਘਰਾਂ ਵਿੱਚ ਮੱਖੀਆਂ ਦੇ ਝੁੰਡ ਭੇਜਾਂਗਾ। ਮਿਸਰੀਆਂ ਦੇ ਘਰ ਮੱਖੀਆਂ ਨਾਲ ਭਰ ਜਾਣਗੇ, ਇੱਥੋਂ ਤੱਕ ਕਿ ਜ਼ਮੀਨ ਉਹਨਾਂ ਨਾਲ ਢੱਕੀ ਜਾਵੇਗੀ।
22“ ‘ਪਰ ਉਸ ਦਿਨ ਮੈਂ ਗੋਸ਼ੇਨ ਦੇਸ਼ ਦੀ ਧਰਤੀ ਨਾਲ ਵੱਖਰਾ ਵਿਹਾਰ ਕਰਾਂਗਾ, ਜਿੱਥੇ ਮੇਰੇ ਲੋਕ ਰਹਿੰਦੇ ਹਨ; ਉੱਥੇ ਮੱਖੀਆਂ ਦੇ ਝੁੰਡ ਨਹੀਂ ਹੋਣਗੇ, ਤਾਂ ਜੋ ਤੁਸੀਂ ਜਾਣ ਸਕੋ ਕਿ ਮੈਂ, ਯਾਹਵੇਹ, ਇਸ ਧਰਤੀ ਵਿੱਚ ਹਾਂ।
23ਮੈਂ ਆਪਣੇ ਲੋਕਾਂ ਅਤੇ ਤੁਹਾਡੇ ਲੋਕਾਂ ਵਿੱਚ ਫ਼ਰਕ ਬਣਾਵਾਂਗਾ। ਇਹ ਚਿੰਨ੍ਹ ਕੱਲ੍ਹ ਹੋਵੇਗਾ।’ ”